ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਅਕਤੂਬਰ
ਕੰਢੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਬੜੀ ਤੇਜ਼ੀ ਨਾਲ ਕਥਿਤ ਦਲਿਤ ਪੱਤਾ ਖੇਡਣ ਵਿੱਚ ਰੁੱਝੀ ਹੋਈ ਹੈ। ਆਏ ਦਿਨ ਭਾਜਪਾ ਲੀਡਰਸ਼ਿਪ ਨੂੰ ਦਲਿਤਾਂ ਪ੍ਰਤੀ ਹੱਦੋਂ ਵੱਧ ਹੇਜ ਜਾਗ ਰਿਹਾ ਹੈ। ਜਥੇਬੰਦੀ ਦੀ ਹੰਗਾਮੀ ਮੀਟਿੰਗ ਮਗਰੋਂ ਜਾਰੀ ਬਿਆਨ ’ਚ ਸ੍ਰੀ ਗੜ੍ਹਦੀਵਾਲਾ ਕਿਹਾ ਕਿ ਭਾਜਪਾ ਵੱਲੋਂ ਸ਼ੁਰੂ ਕੀਤੀ ਗਈ ਦਲਿਤ ਇਨਸਾਫ਼ ਯਾਤਰਾ ਦੇ ਅਸਲ ਏਜੰਡੇ ਨੂੰ ਸੰਘਰਸ਼ਸ਼ੀਲ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਝਟਪੱਟ ਸਮਝ ਲਿਆ ਹੈ। ਉਨ੍ਹਾਂ ਮੁਤਾਬਕ ਭਾਜਪਾ ਅਸਲ ਵਿੱਚ ਪੰਜਾਬ ਵਿੱਚ ਕਿਸਾਨਾਂ ਤੇ ਦਲਿਤਾਂ ਵਿੱਚ ਕਥਿਤ ਫ਼ਸਾਦ ਖੜ੍ਹਾ ਕਰਨ ਦੀ ਤਾਕ ਵਿੱਚ ਹੈ, ਜਿਸ ਕਰਕੇ ਉਹ ਸਾਰੀਆਂ ਸਰਗਰਮੀਆਂ ਦੋਆਬੇ ਤੇ ਖ਼ਾਸ ਕਰਕੇ ਜਲੰਧਰ ਤੋਂ ਕਰ ਰਹੀ ਹੈ, ਜਿੱਥੇ ਦਲਿਤਾਂ ਦੀ ਵਸੋਂ ਸਭ ਤੋਂ ਵੱਧ ਹੈ। ਚੇਅਰਮੈਨ ਭੁਪਿੰਦਰ ਸਿੰਘ ਘੁੰਮਣ ਅਤੇ ਸਰਪ੍ਰਸਤ ਕੇਹਰ ਸਿੰਘ ਪੰਨੂ ਨੇ ਕਿਹਾ ਕਿ ਜੇਕਰ ਭਾਜਪਾ ਇਮਾਨਦਾਰੀ ਨਾਲ ਐੱਸਸੀ ਵਰਗ ਦੇ ਹੱਕਾਂ ਦੀ ਰਾਖੀ ਕਰਨਾ ਚਾਹੁੰਦੀ ਹੈ ਤਾਂ ਹਾਥਰਸ ਤੋਂ ਯਾਤਰਾ ਕੱਢ ਕੇ ਦਿੱਲੀ ਤੱਕ ਲੈ ਕੇ ਜਾਵੇ। ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਵੀ ਕਥਿਤ ਦੋਸ਼ ਲਾਇਆ ਕਿ ਭਾਜਪਾ ਜਾਣ-ਬੁੱਝ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਭਾਜਪਾ ਦੇ ਫਿਰਕੂ ਏਜੰਡੇ ਨੂੰ ਬਾਖ਼ੂਬੀ ਸਮਝਦੀਆਂ ਹਨ।