ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਸਤੰਬਰ
ਸਿੱਖ ਸੰਗਠਨਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਦਿੱਲੀ ਮੈਟਰੋ ਵਿੱਚ ਕਿਰਪਾਨ ਨਾਲ ਸਫ਼ਰ ਕਰਨ ਤੋਂ ਰੋਕਣ ਦਾ ਵਿਰੋਧ ਕੀਤਾ ਹੈ। ਕੇਂਦਰੀ ਸਿੰਘ ਸਭਾ, ਪੰਥ ਅਸੈਂਬਲੀ ਅਤੇ ਪੰਥਕ ਤਾਲਮੇਲ ਸੰਗਠਨ ਦੇ ਆਗੂਆਂ ਨੇ ਵੱਖਰੋ-ਵੱਖਰੇ ਬਿਆਨਾਂ ਰਾਹੀਂ ਆਖਿਆ ਕਿ ਸਿੱਖਾਂ ਦੀ ਸਤਿਕਾਰਤ ਹਸਤੀ ਸਾਬਕਾ ਜਥੇਦਾਰ ਨੂੰ ਕਿਰਪਾਨ ਲੈ ਕੇ ਮੈਟਰੋ ਵਿੱਚ ਸਫ਼ਰ ਕਰਨ ਤੋਂ ਰੋਕਣਾ ਘੱਟ ਗਿਣਤੀਆਂ ਪ੍ਰਤੀ ਸੌੜੀ ਸੋਚ ਦਾ ਪ੍ਰਗਟਾਵਾ ਹੈ। ਇਸ ਸਬੰਧੀ ਜਥੇਬੰਦੀਆਂ ਦੇ ਆਗੂਆਂ ਭਾਈ ਅਸ਼ੋਕ ਸਿੰਘ ਬਾਗੜੀਆਂ, ਜਸਵਿੰਦਰ ਸਿੰਘ ਐਡਵੋਕੇਟ, ਸੁਖਦੇਵ ਸਿੰਘ ਭੌਰ, ਐਡਵੋਕੇਟ ਨਵਕਿਰਨ ਸਿੰਘ, ਪ੍ਰੋਫੈਸਰ ਸ਼ਾਮ ਸਿੰਘ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਂਸਲ, ਰਾਜਵਿੰਦਰ ਸਿੰਘ ਰਾਹੀ ਅਤੇ ਗੁਰਬਚਨ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰਾਂ ਸੁਰੱਖਿਆ ਦਾ ਬਹਾਨੇ ਸੱਭਿਆਚਾਰਕ ਵੰਨ-ਸੁਵੰਨਤਾ ਨੂੰ ਕੁਚਲ ਕੇ ਇਕਸਾਰਤਾ ਵਾਲਾ ਹਿੰਦੂ ਰਾਸ਼ਟਰਵਾਦੀ ਸੱਭਿਆਚਾਰ ਖੜ੍ਹਾ ਕਰ ਰਹੀਆਂ ਹਨ। ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਘੱਟ ਗਿਣਤੀਆਂ ਦੀ ਸੱਭਿਆਚਾਰਕ ਸੰਵੇਦਨਸ਼ੀਲਤਾ ਨੂੰ ਸਵੀਕਾਰ ਕਰ ਕੇ ਬੇਲੋੜੀਆਂ ਸੁਰੱਖਿਆ ਪਾਬੰਦੀਆਂ ਨੂੰ ਖ਼ਤਮ ਕੀਤਾ ਜਾਵੇ।