ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜੂਨ
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ’ਤੇ ਟਿੱਪਣੀ ਕਰਨੀ ਮਹਿੰਗੀ ਪੈ ਗਈ ਹੈ। ਇਸ ਸਬੰਧੀ ਵਿਰੋਧ ਸ਼ੁਰੂ ਹੋਣ ਮਗਰੋਂ ਬਿੱਟੂ ਨੂੰ ਅੱਜ ਸੋਸ਼ਲ ਮੀਡੀਆ ’ਤੇ ਸਪੱਸ਼ਟੀਕਰਨ ਦੇਣਾ ਪਿਆ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਤੋਂ ਬਾਅਦ ਬਿੱਟੂ ਨੇ ਫੇਸਬੁੱਕ ’ਤੇ ਵੀਡੀਓ ਪਾ ਕੇ ਕਿਹਾ ਸੀ ਕਿ ਉਵੇਂ ਅਕਾਲੀ ਆਗੂ ਕਹਿੰਦੇ ਰਹਿੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਪੰਥਕ ਹੈ ਪਰ ਜਿਹੜੀਆਂ ਸੀਟਾਂ ਸਿੱਧੇ ਤੌਰ ’ਤੇ ਗੁਰੂ ਸਾਹਿਬਾਨ ਨਾਲ ਜੁੜੀਆਂ ਹੋਈਆਂ ਸਨ, ਉਹ ਉਨ੍ਹਾਂ ਵੋਟਾਂ ਖਾਤਰ ਬਸਪਾ ਨੂੰ ਦੇ ਦਿੱਤੀਆਂ। ਇਸ ਵੀਡੀਓ ਦੇ ਵਿਰੋਧ ਮਗਰੋਂ ਅੱਜ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਪੰਥਕ ਅਖਵਾਉਣ ਵਾਲੀ ਪਾਰਟੀ ਪੰਥਕ ਸੀਟਾਂ ਤੋਂ ਕਿਉਂ ਭੱਜ ਰਹੀ ਹੈ ਪਰ ਕੁੱਝ ਸ਼ਰਾਰਤੀ ਅਨਸਰਾਂ ਨੇ ਗੱਲ ਦਲਿਤ ਭਾਈਚਾਰੇ ਨਾਲ ਜੋੜ ਦਿੱਤੀ।