ਨਿਰੰਜਣ ਬੋਹਾ
ਬੋਹਾ, 19 ਸਤੰਬਰ
ਬਹੁਜਨ ਸਮਾਜ ਪਾਰਟੀ ਵੱਲੋਂ ਇਥੇ ਮਨਾਏ ਜਾ ਰਹੇ ਸ਼ਹੀਦ ਬਾਬਾ ਜੀਵਨ ਸਿੰਘ ਉਰਫ ਭਾਈ ਜੈਤਾ ਜੀ ਦੇ ਜਨਮ ਦਿਹਾੜੇ ਦਾ ਸਮਾਗਮ ਦੇ ਮੌਕੇ ਉਸ ਵੇਲੇ ਤਣਾਅ ਵਾਲੀ ਸਥਿਤੀ ਪੈਦਾ ਹੋ ਗਈ, ਜਦੋਂ ਕਿਸਾਨ ਜਥੇਬੰਦੀਆਂ ਨੇ ਸਮਾਗਮ ’ਤੇ ਸਿਆਸੀ ਹੋਣ ਦਾ ਦੋਸ਼ ਲਾ ਕੇ ਧਰਨਾ ਲਾ ਦਿੱਤਾ ਦਿੱਤਾ। ਇਸ ਧਰਨੇ ਵਿਚ ਕਿਸਾਨ ਆਗੂ ਅਵਤਾਰ ਸਿੰਘ ਗਾਦੜਪੱਤੀ, ਚੇਤ ਸਿੰਘ, ਹਰੀ ਸਿੰਘ ਮੰਡੇਰ ਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਲੰਘੇ ਨੂੰ ਕਈ ਦਿਨ ਹੋ ਚੁੱਕੇ ਹਨ ਪਰ ਬਹੁਜਨ ਸਮਾਜ ਪਾਰਟੀ ਹੁਣ ਉਨ੍ਹਾਂ ਦੇ ਜਨਮ ਦਿਹਾੜੇ ਦੇ ਨਾਂ ’ਤੇ ਸਿਆਸਤ ਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਬਾਬਾ ਜੀਵਨ ਸਿੰਘ ਦਾ ਪੂਰਾ ਸਤਿਕਾਰ ਕਰਦੇ ਹਨ ਪਰ ਉਨ੍ਹਾਂ ਦੇ ਨਾਂ ’ਤੇ ਸਿਅਸਤ ਦੇ ਵਿਰੋਧੀ ਹਨ। ਇਸ ਸਮਾਗਮ ਨੂੰ ਸੰਬੋਧਨ ਕਰਨ ਲਈ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾਈ ਜਨਰਲ ਸੱਕਤਰ ਕੁਲਦੀਪ ਸਿੰਘ ਸਰਦੂਲਗੜ੍ਹ ਪਹੁੰਚੇ ਸਨ ਪਰ ਕਿਸਾਨਾਂ ਦੇ ਵਿਰੋਧ ਕਾਰਨ ਉਨ੍ਹਾਂ ਸਮਾਗਮ ਨੂੰ ਸੰਬੋਧਿਤ ਨਾ ਕੀਤਾ। ਮੀਡੀਆਂ ਨਾਲ ਗੱਲ ਕਰਦੇ ਹੋਏ ਸ੍ਰੀ ਕੁਲਦੀਪ ਸਿੰਘ ਸਰਦੂਲਗੜ੍ਹ ਤੇ ਬਲਾਕ ਬੁਢਲਾਡਾ ਦੇ ਆਗੂ ਸ਼ੇਰ ਸਿੰਘ ਸ਼ੇਰ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਕਿਸਾਨ ਸੰਘਰਸ਼ ਦੀ ਦਿਲੋਂ ਹਿਮਾਇਤੀ ਹੈ ਤੇ ਕਿਸੇ ਵੀ ਕੀਮਤ ’ਤੇ ਕਿਸਾਨ ਜੱਥੇਬੰਦੀਆ ਨਾਲ ਟਕਰਾਅ ਨਹੀਂ ਚਾਹੁੰਦੀ। ਇਸ ਲਈ ਪਾਰਟੀ ਹਾਈ ਕਮਾਨ ਦੇ ਅਦੇਸ਼ ਅਨੁਸਾਰ ਇਹ ਸਮਾਗਮ ਇੱਥੇ ਹੀ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨਿਰੋਲ ਧਾਰਮਿਕ ਸਮਾਗਮ ਸੀ। ਇਸ ਲਈ ਅਜਿਹੇ ਸਮਾਗਮ ਦਾ ਵਿਰੋਧ ਨਹੀਂ ਸੀ ਕੀਤਾ ਜਾਣਾ ਚਾਹੀਦਾ। ਐੱਸਐੱਚੳ ਹਰਦਿਆਲ ਦਾਸ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਬੜੀ ਸੂਝ ਬੂਝ ਨਾਲ ਸਥਿਤੀ ਨੂੰ ਕਾਬੂ ਵਿਚ ਰੱਖਿਆ।