ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਅਪਰੈਲ
ਪੰਜਾਬ ਪੁਲੀਸ ਨੇ ਆਪਣੇ ਮੁਲਾਜ਼ਮਾਂ ਦੇ ਜਨਮ ਦਿਨ ਨੂੰ ਖੁਸ਼ਨੁਮਾ ਤੇ ਯਾਦਗਾਰੀ ਬਣਾਉਣ ਲਈ ਨਿਵੇਕਲੀ ਪਹਿਲ ਕੀਤੀ ਹੈ। ਸੂਬੇ ਦੇ ਡੀਜੀਪੀ ਵੀਕੇ ਭਾਵੜਾ ਨੇ ਦੱਸਿਆ ਕਿ ਮੁੱਖ ਮੰਤਰੀ ਤੇ ਉਨ੍ਹਾਂ ਵੱਲੋਂ ਸਾਂਝੇ ਤੌਰ ’ਤੇ ਹਸਤਾਖਰ ਕੀਤਾ ਇੱਕ ਗ੍ਰੀਟਿੰਗ ਕਾਰਡ ਮੁਲਾਜ਼ਮਾਂ ਨੂੰ ਭੇਜਿਆ ਜਾਵੇਗਾ, ਜਿਸ ਵਿੱਚ ਲਿਖਿਆ ਹੋਵੇਗਾ, “ਅੱਜ ਤੁਹਾਡੇ ਜਨਮ ਦਿਨ ’ਤੇ ਅਸੀਂ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਆਉਣ ਵਾਲਾ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਤੰਦਰੁਸਤੀ ਅਤੇ ਖੁਸ਼ੀਆਂ ਲੈ ਕੇ ਆਵੇ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਆਪਣਾ ਫਰਜ਼ ਨਿਭਾਓਗੇ।’’ ਜ਼ਿਕਰਯੋਗ ਹੈ ਕਿ ਮੁੁੱਖ ਮੰਤਰੀ ਨੇ ਡੀਜੀਪੀ ਨੂੰ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦੇਣ ਦੇ ਨਿਰਦੇਸ਼ ਦਿੱਤੇ ਸਨ।