ਖੇਤਰੀ ਪ੍ਰਤੀਨਿਧ
ਪਟਿਆਲਾ, 23 ਫਰਵਰੀ
ਪੰਜਾਬ ਦੇ ਮਹਾਨ ਵਿਰਾਸਤੀ ਨਾਇਕ, ਸੂਫ਼ੀ ਕਿੱਸਾਕਾਰ, ਹੀਰ-ਵਾਰਿਸ ਦੇ ਰਚਨਹਾਰ ਸੱਯਦ ਵਾਰਿਸ ਸ਼ਾਹ ਦਾ ਅੱਜ ਜਨਮ ਦਿਵਸ ਸੀ ਪਰ ਆਪਣੇ ਆਪ ਨੂੰ ਪੰੰਜਾਬ ਤੇ ਪੰਜਾਬੀਅਤ ਮੁਦਈ ਅਤੇ ਪੰਜਾਬ ਦੇ ਵਾਰਸ ਅਖਵਾਉਣ ਵਾਲਿਆਂ ਨੇ ਅੱਜ ਜਣੋਂ ਉਨ੍ਹਾਂ ਨੂੰ ਵਿਸਾਰ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਗੱਲ ਦਾ ਹੋਰ ਵੀ ਵਧੇਰੇ ਦੁੱਖ ਹੈ ਕਿ ਅਜਿਹੀ ਮਹਾਨ ਹਸਤੀ ਨੂੰ ਪੰਜਾਬ ਸਰਕਾਰ ਸਣੇ ਉਨ੍ਹਾਂ ਅਦਾਰਿਆਂ ਅਤੇ ਵਿੰਗਾਂ ਨੇ ਵੀ ਵਿਸਾਰ ਦਿੱਤਾ, ਜਿਨ੍ਹਾਂ ਨੇ ਅਜਿਹੇ ਮਹਾਨ ਸਾਹਿਤਕਾਰਾਂ ਬਾਰੇ ਜਾਣਕਾਰੀ ਅਤੇ ਗਿਆਨ ਪੀੜ੍ਹੀ ਦਰ ਪੀੜ੍ਹੀ ਅੱਗੇ ਤੱਕ ਲੈ ਕੇ ਜਾਣਾ ਹੈ। ਇਸ ਬਾਬਤ ਭਾਸ਼ਾ ਵਿਭਾਗ ਪੰਜਾਬ ਦੇ ਸਹਾਇਕ ਨਿਰਦੇਸ਼ਕ ਸਤਨਾਮ ਸਿੰਘ ਦਾ ਕਹਿਣਾ ਕਿ ਅਜਿਹੀਆਂ ਮਹਾਨ ਹਸਤੀਆਂ ਦੀਆਂ ਯਾਦਗਾਰਾਂ ਮਨਾਏ ਜਾਣ ਦੇ ਪ੍ਰ੍ਰੋਗਰਾਮ ਉਲੀਕੇ ਜਾ ਰਹੇ ਹਨ, ਜਿਸ ਤਹਿਤ ਬਾਕਾਇਦਾ ਕੈਲੰਡਰ ਬਣਾਇਆ ਜਾ ਰਿਹਾ ਹੈ।