ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਕਤੂਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਦੀ ਬੀਰ ਦਵਿੰਦਰ ਸਿੰਘ ਵੱਲੋਂ ਕੀਤੀ ਗਈ ਆਲੋਚਨਾ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਸ ਸੰਵਿਧਾਨਕ ਅਹੁਦੇ ਦੀ ਅਜਿਹੀ ਆਲੋਚਨਾ ਬਿਲਕੁਲ ਬੇਲੋੜੀ ਸੀ। ਮੁੱਖ ਮੰਤਰੀ ਨੇ ਰਾਜਪਾਲ ਵੱਲੋਂ ਮੁਲਾਕਾਤੀਆਂ ਨੂੰ ਰਾਜ ਭਵਨ ਦੇ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਨਾ ਦੇਣ ਸਬੰਧੀ ਬੀਰ ਦਵਿੰਦਰ ਸਿੰਘ ਵੱਲੋਂ ਉਨ੍ਹਾਂ ਦੀ ਕੀਤੀ ਆਲੋਚਨਾ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੋਵਿਡ ਦੇ ਹਾਲਾਤ ਨੂੰ ਦੇਖਦੇ ਅਤੇ ਸਾਵਧਾਨੀਆਂ ਵਰਤੇ ਜਾਣ ਦੀ ਲੋੜ ਦੇ ਮੱਦੇਨਜ਼ਰ ਖ਼ਾਸ ਕਰ ਕੇ ਸਮਾਜਿਕ/ਸਰੀਰਕ ਦੂਰੀ ਬਣਾਏ ਰੱਖੇ ਜਾਣ ਸਬੰਧੀ, ਰਾਜਪਾਲ ਦਾ ਵਤੀਰਾ ਨਾ ਸਿਰਫ਼ ਸਹੀ ਸਗੋਂ ਮਿਸਾਲੀ ਸੀ।