ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਦਸੰਬਰ
ਪੰਜਾਬ ਸਰਕਾਰ ਵੱਲੋਂ ਫ਼ਰਜ਼ੀ ਵਿਆਹਾਂ ਅਤੇ ਵਿਦੇਸ਼ ਜਾਣ ਤੋਂ ਪਹਿਲਾਂ ਬਾਇਓਮੀਟ੍ਰਿਕ ਲਈ ਅਗਾਊ ਸਮਾਂ ਲੈਣ ’ਚ ਹੋ ਰਹੀ ਧਾਂਦਲੀ ਦਾ ਨੋਟਿਸ ਲਿਆ ਗਿਆ ਹੈ। ਪੰਜਾਬ ’ਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾ ਰਹੇ ਹਨ, ਜਿਨ੍ਹਾਂ ਲਈ ਵਿਦੇਸ਼ ਜਾਣ ਤੋਂ ਪਹਿਲਾਂ ਬਾਇਓਮੀਟ੍ਰਿਕ ਕਰਾਉਣਾ ਲਾਜ਼ਮੀ ਹੈ। ਬਾਇਓਮੀਟ੍ਰਿਕ ਲਈ ਜੋ ਅਗਾਊਂ ਸਮਾਂ ਲੈਣਾ ਪੈਂਦਾ ਹੈ, ਉਸ ’ਚ ਉਡੀਕ ਸੂਚੀ ਲੰਮੀ ਹੈ, ਜਿਸ ਕਰਕੇ ਪ੍ਰਾਈਵੇਟ ਏਜੰਟਾਂ ਨੇ ਵੱਧ ਪੈਸੇ ਲੈ ਕੇ ਅਗਾਊ ਸਮਾਂ ਦਿਵਾਉਣ ਦਾ ਕਾਰੋਬਾਰ ਸ਼ੁਰੂ ਕਰ ਲਿਆ ਹੈ। ਪੰਜਾਬ ਸਰਕਾਰ ਦੇ ਧਿਆਨ ਵਿੱਚ ਇਹ ਮਾਮਲਾ ਆਉਣ ਮਗਰੋਂ ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇੱਕ ਮੀਟਿੰਗ ਵਿੱਚ ਫ਼ੈਸਲਾ ਲਿਆ ਕਿ ਪੰਜਾਬ ਵਿੱਚ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਨੇਮਬੱਧ ਕਰਨ, ਫ਼ਰਜ਼ੀ ਵਿਆਹਾਂ ਨੂੰ ਰੋਕਣ ਅਤੇ ਬਾਇਓਮੀਟ੍ਰਿਕ ਲਈ ਅਗਾਊਂ ਸਮਾਂ ਲੈਣ ਵਿੱਚ ਚੱਲ ਰਹੀ ਧਾਂਦਲੀ ਵਰਗੇ ਮੁੱਦਿਆਂ ਨੂੰ ਠੱਲ੍ਹ ਪਾਉਣ ਲਈ ਸਟੈਂਡਰਡ ਅਪਰੇਟਿੰਗ ਪ੍ਰਕਿਰਿਆ (ਐੱਸਓਪੀ) ਬਣਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਆਈਲੈਟਸ ਟੈਸਟ ਕਰਵਾਉਣ ਲਈ ਕੌਮਾਂਤਰੀ ਸੰਸਥਾ ਆਈਡੀਪੀ ਐਜੂਕੇਸ਼ਨ ਲਿਮਟਿਡ ਨਾਲ ਤਾਲਮੇਲ ਕਰਕੇ ਇੱਕ ਨਿਰੋਲ ਨੀਤੀ ਵੀ ਤਿਆਰ ਕੀਤੀ ਜਾਵੇਗੀ।