ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਨਗਰ ਨਿਗਮ ਚੋਣ ’ਚ ਵੋਟਰਾਂ ਨੇ ਕਾਂਗਰਸ ਦੇ ਵਿਧਾਇਕ ਤੋਂ ਇਲਾਵਾ ਹੋਰਨਾਂ ਪਾਰਟੀਆਂ ਦੇ ਮੋਹਰੀ ਆਗੂਆਂ ਨੂੰ ਵੱਡਾ ਝਟਕਾ ਦਿੱਤਾ ਹੈ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਗੁਆਚਿਆ ਆਧਾਰ ਮੁੜ ਮਜ਼ਬੂਤ ਕਰਨ ਵਿੱਚ ਸਫ਼ਲ ਰਿਹਾ ਜਦਕਿ ਭਾਜਪਾ ਤੇ ‘ਆਪ’ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇੱਥੇ ਅਕਾਲੀ ਦਲ ਦੀ ਟਿਕਟ ਉੱਤੇ ਪਤੀ-ਪਤਨੀ ਨੇ ਕੌਂਸਲਰ ਦੀ ਚੋਣ ਜਿੱਤ ਕੇ ਇਤਿਹਾਸ ਰਚਿਆ ਹੈ।
ਇੱਥੋਂ ਦੇ ਵਾਰਡ ਨੰਬਰ 1 ਵਿੱਚੋਂ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਦੀ ਪਤਨੀ ਡਾ. ਰਾਜਿੰਦਰ ਕੌਰ ਨੂੰ ਅਕਾਲੀ ਉਮੀਦਵਾਰ ਸਾਬਕਾ ਕੌਂਸਲਰ ਹਰਵਿੰਦਰ ਕੌਰ ਗਿੱਲ ਨੇ 151 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਾਰਡ ਨੰਬਰ 19 ਤੋਂ ਸੁਖਦੀਪ ਕੌਰ ਧੰਮੂ ਅਤੇ ਵਾਰਡ ਨੰਬਰ 20 ਤੋਂ ਉਸ ਦੇ ਪਤੀ ਮਨਜੀਤ ਸਿੰਘ ਧੰਮੂ ਨੇ ਅਕਾਲੀ ਦਲ ਦੀ ਟਿਕਟ ਉੱਤੇ ਕੌਂਸਲਰ ਦੀ ਚੋਣ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਕਾਲੀ ਦਲ ’ਚੋਂ ਕਾਂਗਰਸ ’ਚ ਸ਼ਾਮਲ ਹੋ ਕੇ ਚੋਣ ਲੜੇ ਸਾਬਕਾ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ ਵੀ ਚੋਣ ਹਾਰ ਗਏ। ‘ਆਪ’ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਦੀ ਪਤਨੀ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਜਗਦੀਪ ਛਾਬੜਾ ਤੇ ਹੋਰ ਕਈ ਆਗੂ ਚੋਣ ਹਾਰ ਗਏ ਹਨ।