ਪੱਤਰ ਪ੍ਰੇਰਕ
ਸ੍ਰੀ ਕੀਰਤਪੁਰ ਸਾਹਿਬ, 1 ਅਗਸਤ
ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਬੀਬੀ ਮਹਿੰਦਰ ਕੌਰ ਤਲਵੰਡੀ ਦੀਆਂ ਅਸਥੀਆਂ ਅੱਜ ਪਰਿਵਾਰਕ ਮੈਂਬਰਾਂ ਤੇ ਸਾਕ ਸਬੰਧੀਆਂ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਲਾਗੇ ਸਤਲੁਜ ਦਰਿਆ ’ਤੇ ਬਣੇ ਅਸਥਘਾਟ ਵਿਚ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ ਵੱਲੋਂ ਅਰਦਾਸ ਕੀਤੀ ਗਈ ਉਪਰੰਤ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਸਾਕ ਸਬੰਧੀਆਂ ਵੱਲੋਂ ਬੀਬੀ ਮਹਿੰਦਰ ਕੌਰ ਤਲਵੰਡੀ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਪਤਾਲਪੁਰੀ ਸਾਹਿਬ ’ਚ ਅਰਦਾਸ ਕਰਵਾਈ ਗਈ। ਇਸ ਮੌਕੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਜਗਜੀਤ ਸਿੰਘ ਤਲਵੰਡੀ, ਹਰਜੀਤ ਕੌਰ ਤਲਵੰਡੀ, ਪਰਮਿੰਦਰ ਸਿੰਘ ਢੀਂਡਸਾ ਆਦਿ ਹਾਜ਼ਰ ਸਨ।
ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਸੰਯੁਕਤ ਦੀ ਕਿਸੇ ਵੀ ਰਾਜਸੀ ਪਾਰਟੀ ਦੇ ਨਾਲ ਸਮਝੌਤੇ ਦੀ ਕੋਈ ਗੱਲ ਨਹੀਂ ਚੱਲ ਰਹੀ ਹੈ। ਇਹ ਸਿਰਫ਼ ਵਿਰੋਧੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਕੂੜ ਪ੍ਰਚਾਰ ਹੈ। ਸ੍ਰੀ ਢੀਂਡਸਾ ਨੇ ਅਕਾਲੀ ਦਲ ਬਾਦਲ ਤੇ ਬਸਪਾ ਗਠਜੋੜ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇੰਜ ਜਾਪ ਰਿਹਾ ਹੈ ਕਿ ਜਿਵੇਂ ਬਾਦਲਕਿਆਂ ਨੇ ਬਸਪਾ ਨੂੰ ਖ਼ਰੀਦ ਲਿਆ ਹੋਵੇ।