ਦਵਿੰਦਰ ਪਾਲ
ਚੰਡੀਗੜ੍ਹ, 2 ਨਵੰਬਰ
ਮੁੱਖ ਅੰਸ਼
- ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਫ਼ੈਸਲਾ
- ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਨਾ ਲੜਨ ਲਈ ਕਿਹਾ
- ਕਮੇਟੀ ਨੇ ਜਗਮੀਤ ਬਰਾੜ ਵੱਲੋਂ ਦਿੱਤੇ ਸਪਸ਼ਟੀਕਰਨ ਨੂੰ ਗੈਰਤਸੱਲੀਬਖ਼ਸ਼ ਦੱਸਿਆ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੀਨੀਅਰ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ। ਉਨ੍ਹਾਂ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦਾ ਦੋਸ਼ ਲਾਉਂਦਿਆਂ ਦੋ ਦਿਨ ਵਿੱਚ ਜਵਾਬ ਮੰਗਿਆ ਗਿਆ ਹੈ। ਇਹ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਦੌਰਾਨ ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਜੇਕਰ ਬੀਬੀ ਜਗੀਰ ਕੌਰ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਪਾਰਟੀ ਅੰਦਰ ਬਾਗ਼ੀਆਂ ਦਾ ਕਾਫ਼ਲਾ ਲੰਮਾ ਹੋ ਸਕਦਾ ਹੈ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਦੀ ਪਾਰਟੀ ਵਿੱਚੋਂ ਮੁਅੱਤਲੀ ਦਾ ਐਲਾਨ ਕਰਦਿਆਂ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਲਈ ਇਹ ਲਾਜ਼ਮੀ ਹੋਵੇਗਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ 9 ਨਵੰਬਰ ਨੂੰ ਹੋਣ ਵਾਲੀ ਚੋਣ ਦੌਰਾਨ ਮੈਦਾਨ ਵਿੱਚੋਂ ਹਟ ਜਾਣ, ਨਹੀਂ ਤਾਂ ਪਾਰਟੀ ਸਖ਼ਤ ਕਾਰਵਾਈ ਕਰੇਗੀ। ਦੋ ਦਿਨ ਦੇ ਅਲਟੀਮੇਟਮ ਮਗਰੋਂ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਿਆ ਵੀ ਜਾ ਸਕਦਾ ਹੈ। ਸ੍ਰੀ ਮਲੂਕਾ ਨੇ ਦੋਸ਼ ਲਾਇਆ ਕਿ ਬੀਬੀ ਜਗੀਰ ਕੌਰ ਪਿਛਲੇ ਚਾਰ ਮਹੀਨਿਆਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ ਅਤੇ ਅਕਾਲੀ ਦਲ ਵਿਰੋਧੀ ਤਾਕਤਾਂ ਨਾਲ ਰਲੇ ਹੋਏ ਹਨ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਮਨਾਉਣ ਦਾ ਕਾਫ਼ੀ ਯਤਨ ਕੀਤਾ ਗਿਆ ਤੇ ਸੀਨੀਅਰ ਆਗੂਆਂ ਡਾ. ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰੱਖੜਾ ਨੇ ਵੀ ਉਨ੍ਹਾਂ ਨਾਲ ਤਿੰਨ ਘੰਟੇ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਉਨ੍ਹਾਂ ਨਾਲ ਮੁਲਾਕਾਤ ਕਰ ਚੁੱਕੇ ਹਨ, ਪਰ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਲੜਨ ਦੇ ਫ਼ੈਸਲੇ ’ਤੇ ਅੜੇ ਹੋਏ ਹਨ। ਸ੍ਰੀ ਮਲੂਕਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਮੈਂਬਰਾਂ ’ਤੇ ਪ੍ਰਧਾਨਗੀ ਦੀ ਚੋਣ ਮੌਕੇ ਹਮਾਇਤ ਲਈ ਦਬਾਅ ਬਣਾ ਰਹੇ ਹਨ। ਸ੍ਰੀ ਮਲੂਕਾ ਨੇ ਦੋਸ਼ ਲਾਇਆ ਕਿ ਪਹਿਲਾਂ ਕਾਂਗਰਸ ਤੇ ਹੁਣ ਭਾਜਪਾ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇ ਰਹੇ ਹਨ। ਸ੍ਰੀ ਮਲੂਕਾ ਨੇ ਦੱਸਿਆ ਕਿ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਵਿੱਚ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਵੱਲੋਂ ਜਾਰੀ ਨੋਟਿਸ ਦੇ ਜਵਾਬ ਬਾਰੇ ਵੀ ਚਰਚਾ ਕੀਤੀ ਗਈ, ਪਰ ਇਸ ਨੂੰ ਤਸੱਲੀਬਖ਼ਸ਼ ਨਹੀਂ ਮੰਨਿਆ ਗਿਆ। ਇਸ ਮੀਟਿੰਗ ਵਿੱਚ ਸ਼ਰਨਜੀਤ ਸਿੰਘ ਢਿੱਲੋਂ, ਵਿਰਸਾ ਸਿੰਘ ਵਲਟੋਹਾ, ਡਾ. ਸੁਖਵਿੰਦਰ ਕੁਮਾਰ ਤੇ ਮਨਤਾਰ ਸਿੰਘ ਬਰਾੜ ਵੀ ਸ਼ਾਮਲ ਸਨ।
ਬਾਦਲ ਪਰਿਵਾਰ ਦੀ ਸਭ ਤੋਂ ਵਫ਼ਾਦਾਰ ਰਹੀ ਹੈ ਬੀਬੀ ਜਗੀਰ ਕੌਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਵਜੋਂ ਮੈਦਾਨ ਵਿੱਚ ਨਿੱਤਰੀ ਬੀਬੀ ਜਗੀਰ ਕੌਰ ਬਾਦਲ ਪਰਿਵਾਰ ਦੀ ਸਭ ਤੋਂ ਵਫ਼ਾਦਾਰ ਤੇ ਕਰੀਬੀ ਮੰਨੀ ਜਾਂਦੀ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਦਰਮਿਆਨ 1998 ਵਿੱਚ ਮੱਤਭੇਦ ਉਭਰਨ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਹੀ ਜਥੇਦਾਰ ਟੌਹੜਾ ਦੀ ਥਾਂ ਸ਼੍ਰੋਮਣੀ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣਾਇਆ ਗਿਆ ਸੀ। ਬੀਬੀ ਜਗੀਰ ਕੌਰ ਦਾ ਤਤਕਾਲੀ ਜਥੇਦਾਰ ਅਕਾਲ ਤਖ਼ਤ ਨਾਲ ਵੀ ਟਕਰਾਅ ਹੋ ਗਿਆ ਸੀ। ਬੀਬੀ ਜਗੀਰ ਕੌਰ ਦੀ ਧੀ ਦੀ ਮੌਤ ਸਬੰਧੀ ਵਿਵਾਦਾਂ ਦੌਰਾਨ ਵੀ ਬਾਦਲ ਪਰਿਵਾਰ ਤੇ ਪਾਰਟੀ ਉਨ੍ਹਾਂ ਨਾਲ ਡਟ ਕੇ ਖੜ੍ਹੀ ਰਹੀ। ਉਹ ਕੁੱਝ ਸਮੇਂ ਲਈ ਅਕਾਲੀ-ਭਾਜਪਾ ਸਰਕਾਰ ਵਿੱਚ ਮੰਤਰੀ ਰਹੇ ਹਨ।
ਬੀਬੀ ਜਗੀਰ ਕੌਰ ਜਲਦੀ ਸਪਸ਼ਟੀਕਰਨ ਦੇਵੇਗੀ
ਭੁਲੱਥ (ਦਲੇਰ ਸਿੰਘ ਚੀਮਾ): ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਬੀਬੀ ਜਗੀਰ ਨੂੰ ਪਾਰਟੀ ’ਚੋਂ ਮੁਅੱਤਲ ਕਰਨ ਤੇ ਆਪਣਾ ਪੱਖ ਪੇਸ਼ ਕਰਨ ਲਈ 48 ਘੰਟਿਆਂ ਦਾ ਸਮਾਂ ਦਿੱਤੇ ਜਾਣ ਮਗਰੋਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਨਾਲ ਸਿੱਧਾ ਸੰਪਰਕ ਨਹੀਂ ਹੋ ਸਕਿਆ। ਹਾਲਾਂਕਿ, ਉਨ੍ਹਾਂ ਦੇ ਨੇੜਲੇ ਸੂਤਰਾਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਪਾਰਟੀ ਵਿਰੋਧੀ ਕੋਈ ਗਤੀਵਿਧੀ ਨਹੀਂ ਕੀਤੀ। ਸੂਤਰਾਂ ਅਨੁਸਾਰ ਬੀਬੀ ਵੱਲੋਂ ਅਨੁਸ਼ਾਸਨੀ ਕਮੇਟੀ ਨੂੰ ਸਪਸ਼ਟੀਕਰਨ ਤੈਅ ਸਮੇਂ ਵਿੱਚ ਦਿੱਤਾ ਜਾਵੇਗਾ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਭੁਲੱਥ ਤੇ ਬੋਪਾਰਾਏ ਦੇ ਸਰਕਲ ਜਥੇਦਾਰ ਸੁਖਵੰਤ ਸਿੰਘ ਤੱਖਰ ਤੇ ਰਿੰਪੀ ਲੰਬੜਦਾਰ ਨੇ ਵਰਕਰਾਂ ਦਾ ਬੀਬੀ ਜਗੀਰ ਕੌਰ ਨਾਲ ਚੱਟਾਨ ਵਾਂਗ ਖੜ੍ਹੇ ਹੋਣ ਦਾ ਦਾਅਵਾ ਕੀਤਾ।
ਸੁਖਬੀਰ ਵੱਲੋਂ ਪਾਰਟੀ ਆਗੂਆਂ ਨਾਲ ਵਿਚਾਰਾਂ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਪਾਰਟੀ ਅੰਦਰ ਉਪਜੀ ਤਾਜ਼ਾ ਸਥਿਤੀ ’ਤੇ ਵਿਚਾਰ ਕਰਨ ਲਈ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਬੀਬੀ ਜਗੀਰ ਕੌਰ ਵੱਲੋਂ ਮੈਦਾਨ ’ਚ ਨਿੱਤਰਨ ਨਾਲ ਵਧਣ ਵਾਲੀਆਂ ਬਗ਼ਾਵਤੀ ਸੁਰਾਂ ਬਾਰੇ ਚਰਚਾ ਹੋਈ। ਇਸ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਕਿ ਜੇਕਰ ਪਾਰਟੀ ਨੇ ਬੀਬੀ ਜਗੀਰ ਕੌਰ ਖਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਬਾਗ਼ੀਆਂ ਦਾ ਕਾਫ਼ਲਾ ਲੰਮਾ ਹੋ ਸਕਦਾ ਹੈ।