ਦਲੇਰ ਸਿੰਘ ਚੀਮਾ
ਭੁਲੱਥ, 12 ਮਾਰਚ
ਭੁਲੱਥ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੀ ਵਿਧਾਇਕ ਬਣਨ ਦੀ ਇੱਛਾ ਪੂਰੀ ਨਹੀਂ ਹੋ ਸਕੀ ਤੇ ਚੋਣ ਲੜਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਛੱਡਣ ਦਾ ਵੀ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋਇਆ। ਸਾਰੇ ਸੂਬੇ ਵਿੱਚ ਜਿਵੇਂ ਇਸ ਵਾਰ ਅਕਾਲੀ ਦਲ ਦੀ ਰਿਕਾਰਡ ਤੋੜ ਹਾਰ ਹੋਈ ਹੈ ਉਸ ਦਾ ਅਸਰ ਹਲਕਾ ਭੁਲੱਥ ’ਤੇ ਵੀ ਦਿਖਾਈ ਦਿੱਤਾ ਹੈ। ਫਰਕ ਸਿਰਫ਼ ਇਹ ਹੈ ਕਿ ਇਥੇ ਬੀਬੀ ਜਗੀਰ ਕੌਰ ਨੂੰ ਹਰਾਉਣ ਵਾਲਾ ਆਗੂ ‘ਆਪ’ ਦਾ ਉਮੀਦਵਾਰ ਨਹੀਂ, ਸਗੋਂ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਹਨ, ਜਿਨ੍ਹਾਂ 9,225 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਬਿਲ ਕਲਾਂ ਗੋਲੀ ਕਾਂਡ ਤੇ ਡੇਰਾ ਸਿਰਸਾ ਦੀਆਂ ਘਟਨਾਵਾਂ ਨੇ ਅਕਾਲੀ ਦਲ ਦਾ ਪਿੱਛਾ ਨਹੀਂ ਛੱਡਿਆ। ਭੁਲੱਥ ਵਿੱਚ ਜਗੀਰ ਕੌਰ ਦੀ ਹਾਰ ਦਾ ਮੁੱਖ ਕਾਰਨ ਵੋਟਾਂ ਦੀ ਜ਼ਿਆਦਾ ਵੰਡ, ਲੁਬਾਣਾ ਬਰਾਦਰੀ ਦਾ ਬੇਗੋਵਾਲ ਇਲਾਕੇ ਤੋਂ ਸਾਥ ਨਾ ਦੇਣਾ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਵੇਲੇ ਇਲਾਕੇ ਦੇ ਲੋਕਾਂ ਨਾਲ ਰਾਬਤੇ ਵਿੱਚ ਘਾਟ ਰਹੇ ਹਨ। ਇਹੀ ਕਾਰਨ ਹੈ ਕਿ 2017 ਵਿੱਚ ਉਨ੍ਹਾਂ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ ਨੇ ਜਿਥੇ 40,255 ਵੋਟਾਂ ਹਾਸਲ ਕੀਤੀਆਂ ਸਨ, ਉਥੇ ਹੀ 2022 ਵਿੱਚ ਬੀਬੀ ਜਗੀਰ ਕੌਰ ਨੂੰ ਸਿਰਫ਼ 28,029 ਵੋਟਾਂ ਮਿਲੀਆਂ ਹਨ। ਬੀਬੀ ਜਗੀਰ ਕੌਰ 1992 ਵਿੱਚ ਅਕਾਲੀ ਦਲ ਅੰਮ੍ਰਿਤਸਰ ਰਾਹੀਂ ਸਿਆਸਤ ਵਿੱਚ ਪੈਰ ਧਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਤਿੰਨ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ, ਤਿੰਨ ਵਾਰ ਪ੍ਰਧਾਨ, ਤਿੰਨ ਵਾਰ ਵਿਧਾਇਕ ਤੇ ਦੋ ਵਾਰ ਪੰਜਾਬ ਸਰਕਾਰ ਦੇ ਮੰਤਰੀ ਬਣੇ।