ਪੱਤਰ ਪ੍ਰੇਰਕ
ਲਹਿਰਾਗਾਗਾ, 19 ਜੂਨ
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਖਿਆ ਕਿ ਕਿਸੇ ਇੱਕ ਆਗੂ ਦੀਆਂ ਬੱਸਾਂ ਫੜਨ ਨਾਲ ਟਰਾਂਸਪੋਰਟ ਮਾਫੀਆ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਇਸ ਲਈ ਭਗਵੰਤ ਮਾਨ ਸਰਕਾਰ ਨੇ ਸਮੂਹ ਟਰਾਂਸਪੋਟਰਾਂ ਦੀਆਂ ਗੈਰਕਾਨੂੰਨੀ ਚੱਲਦੀਆਂ ਬੱਸਾਂ ਨੂੰ ਫੜ ਕੇ ਟਰਾਂਸਪੋਰਟ ਮਾਫ਼ੀਆ ਖ਼ਤਮ ਕਰਨ ਦਾ ਪ੍ਰਣ ਲਿਆ ਹੈ ਅਤੇ ਇਸ ’ਚ ਕਿਸੇ ਆਗੂ ਜਾਂ ਅਧਿਕਾਰੀ ਨਾਲ ਲਿਹਾਜ਼ ਨਹੀਂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਟਰਾਂਸਪੋਰਟ ਮੰਤਰੀ ਸੰਗਰੂਰ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਪ੍ਰਚਾਰ ਕਰਨ ਲਈ ਆਏ ਸਨ। ਉਨ੍ਹਾਂ ਨਾਲ ਵਿਧਾਇਕ ਬਰਿੰਦਰ ਗੋਇਲ ਵੀ ਮੌਜੂਦ ਹਨ। ਅੱਜ ਦੋਵੇਂ ਆਗੂਆਂ ਨੇ ਘਰ-ਘਰ ਤੇ ਬਾਜ਼ਾਰਾਂ ’ਚ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਲੋਕਾਂ ਨੂੰ ਲੁੱਟਦੀਆਂ ਰਹੀਆਂ ਹਨ ਪਰ ‘ਆਪ’ ਸਰਕਾਰ ਨੇ ਸਹੁੰ ਚੁੱਕਣ ਮਗਰੋਂ ਅਸਾਮੀਆਂ ਕੱਢ ਕੇ ਬੇਰੁਜ਼ਗਾਰੀ ਦੂਰ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਬੱਸ ਸੇਵਾ ਨੂੰ ਮੁੜ ਲੀਹ ’ਤੇ ਲਿਆ ਕੇ ਪਹਿਲਾਂ ਵਾਂਗ ਪੰਜਾਬ ਦਾ ਖਜ਼ਾਨਾ ਭਰਿਆ ਜਾਵੇੇਗਾ। ਉਨ੍ਹਾਂ ਕਿਹਾ ਕਿ ਜਿਹੜੇ ਰੂਟਾਂ ’ਤੇ ਬੱਸਾਂ ਨਹੀਂ ਚਲਦੀਆਂ ਜਾਂ ਨਵੀਂ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਆਉਂਦੀ ਹੈ, ਉਸ ਦਾ ਸਰਵੇ ਕਰਵਾ ਕੇ ਬੱਸ ਸੇਵਾ ਚਾਲੂ ਕੀਤੀ ਜਾਵੇਗੀ। ਉਨ੍ਹਾਂ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਚਿਤਾਵਨੀ ਦਿੱਤੀ ਕਿ ਜਿਨ੍ਹਾਂ ਵੱਲ ਟੈਕਸ ਬਕਾਇਆ ਹੈ ਉਹ ਤੁਰੰਤ ਅਦਾ ਕਰ ਦੇਣ ਨਹੀਂ ਤਾਂ ਬੱਸਾਂ ਜ਼ਬਤ ਕੀਤੀਆਂ ਜਾਣਗੀਆਂ। ਇਸ ਮੌਕੇ ਦੀਪਕ ਜੈਨ, ਆਰ.ਕੇ. ਗੁਪਤਾ ਤੇ ਸ਼ੀਸ਼ ਪਾਲ ਹਾਜ਼ਰ ਸਨ।