ਮੁੱਖ ਅੰਸ਼
- ਪੰਜ ਦਿਨਾਂ ਵਿੱਚ ਸਰਕਾਰੀ ਖ਼ਜ਼ਾਨੇ ਨੂੰ ਸਾਢੇ ਤਿੰਨ ਲੱਖ ਦਾ ਚੂਨਾ ਲਾਇਆ
- ਟਰਾਂਸਪੋਰਟ ਮੰਤਰੀ ਵੱਲੋਂ ਸਮੂਹ ਐਡਵਾਂਸ ਬੁੱਕਰਾਂ ਵੱਲੋਂ ਕੀਤੀ ਜਾਂਦੀ ਬੁਕਿੰਗ ਦਾ ਮਿਲਾਨ ਕਰਨ ਦੇ ਨਿਰਦੇਸ਼
ਮਨੋਜ ਸ਼ਰਮਾ/ਸ਼ਗਨ ਕਟਾਰੀਆ
ਬਠਿੰਡਾ, 5 ਜੂਨ
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਟਿਕਟ ਮਸ਼ੀਨਾਂ ਰਾਹੀਂ ਧੋਖਾਧੜੀ ਕਰ ਕੇ ਪੀਆਰਟੀਸੀ ਨੂੰ ਚੂਨਾ ਲਾ ਰਹੇ ਬਠਿੰਡਾ ਕਾਊਂਟਰ ਦੇ ਦੋ ਐਡਵਾਂਸ ਬੁੱਕਰਾਂ ਨੂੰ ਅੱਜ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਵਿਭਾਗੀ ਜਾਂਚ ਦੌਰਾਨ ਮਈ ਮਹੀਨੇ ਦੇ ਪਹਿਲੇ ਪੰਜ ਦਿਨਾਂ ਦੀ ਪੜਤਾਲ ਵਿੱਚ ਦੋਵੇਂ ਮੁਲਾਜ਼ਮ 3 ਲੱਖ 32 ਹਜ਼ਾਰ 281 ਰੁਪਏ ਦਾ ਚੂਨਾ ਲਾਉਣ ਦੇ ਦੋਸ਼ੀ ਪਾਏ ਗਏ ਹਨ। ਬਠਿੰਡਾ ਪੁਲੀਸ ਵੱਲੋਂ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪੀਆਰਟੀਸੀ ਦੀਆਂ ਟਿਕਟ ਮਸ਼ੀਨਾਂ ਦੀ ਦੁਰਵਰਤੋਂ ਕਰਨ, ਮਸ਼ੀਨਾਂ ਦੇ ਰਿਕਾਰਡ ਨਾਲ ਛੇੜਛਾੜ ਕਰਨ ਤੇ ਸਰਕਾਰੀ ਪੈਸੇ ਦੀ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਮੰਤਰੀ ਨੇ ਦੱਸਿਆ ਕਿ ਐਡਵਾਂਸ ਬੁੱਕਰ ਰਾਮ ਸਿੰਘ ਵਾਸੀ ਪਿੰਡ ਭੈਣੀ (ਜ਼ਿਲ੍ਹਾ ਬਠਿੰਡਾ) ਤੇ ਸੁਖਪਾਲ ਸਿੰਘ ਵਾਸੀ ਪਿੰਡ ਪਥਰਾਲਾ (ਜ਼ਿਲ੍ਹਾ ਬਠਿੰਡਾ) ਪੀਆਰਟੀਸੀ ਵਿੱਚ ਕਮਿਸ਼ਨ ਆਧਾਰ ’ਤੇ ਬੱਸਾਂ ਦੀ ਬੁਕਿੰਗ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੰਜ ਦਿਨਾਂ ਦੇ ਚੈੱਕ ਕੀਤੇ ਗਏ ਰਿਕਾਰਡ ਅਨੁਸਾਰ ਕੁੱਲ 3,32,281 ਰੁਪਏ ਦੀਆਂ ਟਿਕਟਾਂ ਦੋਵਾਂ ਬੁੱਕਰਾਂ ਵੱਲੋਂ ਸਵਾਰੀਆਂ ਨੂੰ ਜਾਰੀ ਕੀਤੀਆਂ ਗਈਆਂ, ਪਰ ਟਿਕਟਾਂ ਦਾ ਬਣਦਾ ਕੈਸ਼ ਬਠਿੰਡਾ ਡਿੱਪੂ ਵਿੱਚ ਜਮ੍ਹਾਂ ਨਹੀਂ ਕਰਵਾਇਆ ਗਿਆ। ਟਰਾਂਸਪੋਰਟ ਮੰਤਰੀ ਦੇ ਹੁਕਮ ’ਤੇ ਪੀਆਰਟੀਸੀ ਦੇ ਪਟਿਆਲਾ, ਚੰਡੀਗੜ੍ਹ, ਬਠਿੰਡਾ, ਫ਼ਰੀਦਕੋਟ, ਸੰਗਰੂਰ, ਬਰਨਾਲਾ, ਬੁਢਲਾਡਾ, ਲੁਧਿਆਣਾ ਅਤੇ ਕਪੂਰਥਲਾ ਡਿੱਪੂਆਂ ਦੇ ਜਨਰਲ ਮੈਨੇਜਰਾਂ ਨੂੰ ਲਿਖਿਆ ਗਿਆ ਹੈ ਕਿ ਉਹ ਐਡਵਾਂਸ ਬੁਕਿੰਗ ਏਜੰਟਾਂ ਵੱਲੋਂ ਪੀਆਰਟੀਸੀ ਦੀਆਂ ਬੱਸਾਂ ਦੀ ਕੀਤੀ ਜਾਂਦੀ ਐਡਵਾਂਸ ਬੁਕਿੰਗ ਦਾ ਮਿਲਾਨ ਕਰਨਾ ਯਕੀਨੀ ਬਣਾਉਣ। ਇਸੇ ਤਰ੍ਹਾਂ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਮੁੱਖ ਦਫ਼ਤਰ ਪੱਧਰ ’ਤੇ ਆਪਰੇਸ਼ਨ ਸ਼ਾਖਾ ਵਿੱਚ ਵੀ ਐਡਵਾਂਸ ਬੁੱਕਰਾਂ ਵੱਲੋਂ ਪੀਆਰਟੀਸੀ ਦੇ ਵੱਖ-ਵੱਖ ਡਿੱਪੂਆਂ ਦੀਆਂ ਬੱਸਾਂ ਦੀ ਕੀਤੀ ਗਈ ਬੁਕਿੰਗ ਦਾ ਮਿਲਾਨ ਹਰ ਮਹੀਨੇ ਦੀ 10 ਤਰੀਕ ਨੂੰ ਕਰਨਾ ਯਕੀਨੀ ਬਣਾਇਆ ਜਾਵੇ।