ਪਵਨ ਗੋਇਲ
ਭੁਚੋ ਮੰਡੀ, 25 ਜਨਵਰੀ
ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਅਨੁਸੂਚਿਤ ਜਾਤੀ ਲਈ ਰਾਖਵੇਂਕਰਨ ਦਾ ਸੰਤਾਪ ਭੋਗ ਰਿਹਾ ਹੈ। ਰਾਜਨੀਤਕ ਪਾਰਟੀਆਂ ਨੇ ਇਸ ਹਲਕੇ ਦੀ ਨੁਮਾਇੰਦਗੀ ਜਨਰਲ ਵਰਗ ਜਾਂ ਔਰਤਾਂ ਦੇ ਹੱਥ ਦੇਣ ਲਈ ਕੋਈ ਉਪਰਾਲਾ ਨਹੀਂ ਕੀਤਾ। ਇਸ ਹਲਕੇ ਦੇ ਕੁੱਲ 1,83,830 ਵੋਟਰ ਹਨ, ਜਿਨ੍ਹਾਂ ਵਿੱਚ 96,480 ਪੁਰਸ਼, 87,347 ਔਰਤਾਂ ਅਤੇ ਤਿੰਨ ਥਰਡ ਜੈਂਡਰ ਸ਼ਾਮਲ ਹਨ। ਇਸ ਸੀਟ ’ਤੇ ਹਮੇਸ਼ਾ ਅਕਾਲੀ ਅਤੇ ਕਾਂਗਰਸੀ ਕਾਬਜ਼ ਰਹੇ। 2002 ਵਿੱਚ ਕਾਂਗਰਸ ਦੀ ਸਰਕਾਰ ਮੌਕੇ ਅਕਾਲੀ ਦਲ ਦੇ ਗੁਰਾ ਸਿੰਘ ਤੁੰਗਵਾਲੀ ਅਤੇ 2007 ਤੋਂ ਲਗਾਤਾਰ ਦਸ ਸਾਲ 2017 ਤੱਕ ਅਕਾਲੀ ਦਲ ਦੀ ਸਰਕਾਰ ਮੌਕੇ ਕਾਂਗਰਸ ਦੇ ਅਜੈਬ ਸਿੰਘ ਭੱਟੀ ਵਿਧਾਇਕ ਰਹੇ। ਸਰਕਾਰ ਵਿਰੋਧੀ ਵਿਧਾਇਕ ਹੋਣ ਕਾਰਨ ਇਸ ਹਲਕੇ ਵਿੱਚ ਬਣਦਾ ਵਿਕਾਸ ਨਾ ਹੋ ਸਕਿਆ। ਅੱਜ ਵੀ ਹਲਕੇ ਵਿੱਚ ਲੜਕੀਆਂ ਲਈ ਕੋਈ ਸਰਕਾਰੀ ਕਾਲਜ ਨਹੀਂ ਹੈ ਅਤੇ ਨਾ ਹੀ ਭੁੱਚੋ ਮੰਡੀ ਵਿੱਚ ਕੋਈ ਖੇਡ ਸਟੇਡੀਅਮ ਹੈ। ਕਿਸੇ ਵੀ ਪਾਰਟੀ ਨੇ 1932 ਵਿੱਚ ਬਣੀ ਨਥਾਣਾ ਦੀ ਸਬ-ਤਹਿਸੀਲ ਨੂੰ ਅਪਗਰੇਡ ਕਰ ਕੇ ਤਹਿਸੀਲ ਦਾ ਦਰਜਾ ਦਿਵਾਉਣ ਲਈ ਯਤਨ ਨਹੀਂ ਕੀਤਾ। ਸਰਕਾਰਾਂ ਬਦਲਦੀਆਂ ਰਹੀਆਂ ਅਤੇ ਮੰਤਰੀ ਸ਼ਹਿਰ ਦੇ 25 ਬਿਸਤਰਿਆਂ ਵਾਲੇ ਕਮਿਊਨਿਟੀ ਹੈਲਥ ਸੈਂਟਰ ਦੇ ਦੌਰੇ ਕਰ ਕੇ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਕਰਕੇ ਜਾਂਦੇ ਰਹੇ ਪਰ ਹਾਲੇ ਤੱਕ ਇਹ ਹਸਪਤਾਲ ਇਲਾਕੇ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਦੇ ਸਕਿਆ। ਗੰਭੀਰ ਮਰੀਜ਼ਾਂ ਲਈ ਵੀ ਹਸਪਤਾਲ ਵਿੱਚ ਕੋਈ ਖਾਸ ਪ੍ਰਬੰਧ ਨਹੀਂ ਹੈ। ਲੋਕਾਂ ਨੂੰ ਮਹਿੰਗੇ ਹਸਪਤਾਲਾਂ ਵਿੱਚ ਇਲਾਜ ਕਰਵਾਉੁਣਾ ਪੈ ਰਿਹਾ ਹੈ। ਪਿੰਡਾਂ ਵਿੱਚ ਸਰਕਾਰੀ ਬੱਸ ਸੇਵਾ ਦੇ ਪ੍ਰਬੰਧ ਵੱਲ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ। ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਬੁਨਿਆਦੀ ਘਾਟਾਂ ਹਨ, ਜੋ ਨੁਮਾਇੰਦਿਆਂ ਦਾ ਧਿਆਨ ਮੰਗਦੀਆਂ ਹਨ।
ਕਾਂਗਰਸ ਦੇ ਸਾਬਕਾ ਹਲਕਾ ਵਿਧਾਇਕ ਅਤੇ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਹਲਕੇ ਵਿੱਚ ਭਾਰੀ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ 350 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰਾਂ ਅਤੇ ਪਿੰਡਾਂ ਵਿੱਚ ਇੰਟਰਲਾਕਿੰਗ ਟਾਈਲਾਂ, ਗੋਨਿਆਨਾ ਮੰਡੀ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ, ਪਿੰਡ ਪੂਹਲੀ ਵਿੱਚ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਕੌਮਾਂਤਰੀ ਪੱਧਰ ਦਾ ਹਾਕੀ ਦਾ ਵਿਦੇਸ਼ੀ ਘਾਹ ਵਾਲਾ ਖੇਡ ਮੈਦਾਨ, 100 ਕਿਲੋਮੀਟਰ ਨਵੀਆਂ ਸੜਕਾਂ, 20 ਮਾਡਰਨ ਜਿਮ, ਭੁੱਚੋ ਮੰਡੀ ਅਤੇ ਗੋਨਿਆਨਾ ਮੰਡੀ ਵਿੱਚ ਸਮਾਰਟ ਸਕੂਲ, ਸਟਰੀਟ ਲਾਈਟਾਂ, ਚੌਕ, ਪਾਰਕ ਅਤੇ ਬੈਡਮਿੰਟਨ ਕੋਰਟ ਬਣਾਏ ਗਏ। ਲੰਮੇ ਸਮੇਂ ਤੋਂ ਨਰਕ ਬਣੇ ਸੀਵਰੇਜ ਸਿਸਟਮ ਨੂੰ ਸੁਚਾਰੂ ਬਣਾਇਆ। ਪਿੰਡਾਂ ਦੇ ਛੱਪੜਾਂ ਦੇ ਪਾਣੀ ਨੂੰ ਸੀਚੇਵਾਲ ਮਾਡਲ ਤਹਿਤ ਖੇਤੀ ਸਿੰਜਾਈ ਦੇ ਯੋਗ ਬਣਾਇਆ ਅਤੇ ਸਿੰਜਾਈ ਲਈ 20 ਕਿਲੋਮੀਟਰ ਤੱਕ ਪਾਈਪਾਂ ਵਿਛਾਈਆਂ। ਇਸ ਤੋਂ ਇਲਾਵਾ ਹੋਰ ਵੀ ਕਾਫੀ ਵਿਕਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੜ ਕਾਂਗਰਸ ਦੀ ਸਰਕਾਰ ਬਣਨ ’ਤੇ ਹਲਕੇ ਵਿੱਚ ਭਾਰੀ ਵਿਕਾਸ ਕੀਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਹਲਕਾ ਭੁੱਚੋ ਮੰਡੀ ਤੋਂ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਨੇ ਕਿਹਾ ਕਿ ਗੁਟਕਾ ਸਹਬਿ ਦੀ ਸਹੁੰ ਖਾਣ ਵਾਲੀ ਕਾਂਗਰਸ ਨੇ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਪੰਜਾਬ ਵਿੱਚ ਨਸ਼ੇ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਕਿਸੇ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਹਰ ਜ਼ਿਲ੍ਹੇ ਵਿੱਚ 25 ਕਰੋੜ ਰੁਪਏ ਦੀ ਲਾਗਤ ਵਾਲੇ ਸੋਲਰ ਸਿਸਟਮ ਲਗਾ ਕੇ ਹਰ ਘਰ ਨੂੰ 30 ਸਾਲ ਤੱਕ 800 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਲਈ ਪਾਰਟੀ ਆਪਣੀ ਜ਼ਿੰਮੇਵਾਰੀ ’ਤੇ ਬੈਂਕ ਤੋਂ ਲੋਨ ਕਰਵਾ ਕੇ ਦੇਵੇਗੀ ਅਤੇ ਖੇਤੀ ਪਾਣੀ ਲਈ ਜ਼ਮੀਨਦੋਜ਼ ਪਾਈਪਾਂ ਪਾਈਆਂ ਜਾਣਗੀਆਂ।
‘ਆਪ’ ਦੇ ਜ਼ਿਲ੍ਹਾ ਜੁਆਇੰਟ ਸਕੱਤਰ (ਐੱਸਸੀ ਵਿੰਗ) ਅਤੇ ਜ਼ਿਲ੍ਹਾ ਪਰਿਸ਼ਦ ਬਠਿੰਡਾ ਦੇ ਸਾਬਕਾ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਆਪਸ ’ਚ ਮਿਲੀਆਂ ਹੋਈਆਂ ਹਨ। ਇਨ੍ਹਾਂ ਨੇ ਰਲ ਕੇ ਪੰਜਾਬ ਨੂੰ ਲੁੱਟਿਆ ਹੈ। ਲੋਕ ਮਹਿੰਗਾਈ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਭ੍ਰਿਸ਼ਟਾਰਚਾਰ ਤੋਂ ਅੱਕ ਚੁੱਕੇ ਹਨ।
“350 ਕਰੋੜ ਦੀ ਲਾਗਤ ਨਾਲ ਸ਼ਹਿਰਾਂ ਤੇ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ।”
-ਪ੍ਰੀਤਮ ਸਿੰਘ ਕੋਟਭਾਈ, ਕਾਂਗਰਸ |
“ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੀ ਕਾਂਗਰਸ ਪਾਰਟੀ ਨੇ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ।”
-ਦਰਸ਼ਨ ਸਿੰਘ ਕੋਟਫੱਤਾ, ਅਕਾਲੀ ਦਲ |
“ਅਕਾਲੀ ਦਲ ਤੇ ਕਾਂਗਰਸ ਆਪਸ ਵਿੱਚ ਮਿਲੀਆਂ ਹੋਈਆਂ ਹਨ। ਦੋਵਾਂ ਨੇ ਪੰਜਾਬ ਨੂੰ ਲੁੱਟਿਆ।”
-ਸੁਰਿੰਦਰ ਸਿੰਘ ਬਿੱਟੂ, ‘ਆਪ’ |