ਪਵਨ ਗੋਇਲ
ਭੁੱਚੋ ਮੰਡੀ, 25 ਜੂਨ
ਪਿੰਡ ਭੁੱਚੋ ਖੁਰਦ ਵਿੱਚ ਪੰਚਾਇਤੀ ਜ਼ਮੀਨ ਦਾ ਮਾਮਲਾ ਭਖ ਗਿਆ ਹੈ। ਪਿੰਡ ਭੁੱਚੋ ਖੁਰਦ ਦੇ ਵਾਸੀਆਂ ਨੇ ਉਜਾੜਾ ਰੋਕੂ ਕਮੇਟੀ ਬਣਾ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਅੱਜ ਪਿੰਡ ਭੁੱਚੋ ਖੁਰਦ ਦੇ ਗੁਰਦੁਆਰੇ ਵਿੱਚ ਮੀਟਿੰਗ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੇ ਨੁਮਾਇੰਦੇ ਸ਼ਾਮਲ ਹੋਏ।
ਇਸ ਮੌਕੇ ਕਿਸਾਨ ਆਗੂ ਨਛੱਤਰ ਸਿੰਘ, ਮੰਦਰ ਸਿੰਘ ਨਾਗਰਾ, ਸੁਰਜੀਤ ਸਿੰਘ, ਬਲਵੀਰ ਸਿੰਘ, ਮਨਜੀਤ ਕੌਰ, ਗੁਰਮੇਲ ਕੌਰ ਅਤੇ ਹਰਪ੍ਰੀਤ ਕੌਰ ਨੇ ਕਿਹਾ ਕਿ ਗੁਰਦੁਆਰਾ ਪਿੱਪਲਸਰ ਦੀ ਜ਼ਮੀਨ ਜਾਂ ਕਿਸੇ ਘਰ ਦਾ ਉਜਾੜਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕੁੱਝ ਦਿਨ ਪਹਿਲਾਂ ਭੁੱਚੋ ਖੁਰਦ ਵਿੱਚ ਆ ਕੇ ਪੰਚਾਇਤੀ ਜ਼ਮੀਨ ਛੱਡੇ ਜਾਣ ਦੀ ਹਦਾਇਤ ਕਰਨ ਵਾਲੇ ਵਿਧਾਇਕ ਜਗਸੀਰ ਸਿੰਘ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਹਲਕੇ ਦੇ 72 ਪਿੰਡਾਂ ਨੂੰ ਛੱਡ ਕੇ ਇਕੱਲੇ ਪਿੰਡ ਭੁੱਚੋ ਖੁਰਦ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਕਾਰਨ ਵਿਧਾਇਕ ਦਾ ਪਿੰਡ ਆਉਣ ’ਤੇ ਵਿਰੋਧ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿੰਡ ਭੁੱਚੋ ਖੁਰਦ ਪਿੰਡ ਭੁੱਚੋ ਕਲਾਂ ਵਿੱਚੋਂ ਵੱਖ ਹੋ ਕੇ ਅਬਾਦ ਹੋਇਆ ਸੀ। ਉਸ ਸਮੇਂ ਤੋਂ ਹੀ ਇਹ ਜ਼ਮੀਨ ਭੁੱਚੋ ਖੁਰਦ ਕੋਲ ਹੈ ਪਰ ਹੁਣ ਪਿੰਡ ਭੁੱਚੋ ਕਲਾਂ ਦੀ ਪੰਚਾਇਤ ਇਸ ’ਤੇ ਆਪਣਾ ਹੱਕ ਜਤਾ ਰਹੀ ਹੈ।