ਪੱਤਰ ਪ੍ਰੇਰਕ
ਭਵਾਨੀਗੜ੍ਹ, 1 ਸਤੰਬਰ
ਸਥਾਨਕ ਬਿਸ਼ਨ ਨਗਰ ਦੇ ਨੌਜਵਾਨ ਮਨਦੀਪ ਸਿੰਘ ਉੱਪਲ ਦੀ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮਨਦੀਪ ਸਿੰਘ ਉੱਪਲ ਉਰਫ ਰਵੀ (37) ਕਰੀਬ 15 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਕੈਨੇਡਾ ਦਾ ਪੱਕਾ ਵਸਨੀਕ ਮਨਦੀਪ ਸਿੰਘ ਉੱਥੇ ਟਰੱਕ ਚਲਾਉਂਦਾ ਸੀ। ਕੱਲ੍ਹ ਜਿਵੇਂ ਹੀ ਉਸ ਦੀ ਮੌਤ ਦੀ ਖ਼ਬਰ ਘਰ ਪੁੱਜੀ ਤਾਂ ਉਸ ਦੇ ਜਾਣਕਾਰਾਂ ਤੇ ਸਕੇ ਸਬੰਧੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਮਨਦੀਪ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਉੱਥੇ ਬੋਅ ਰੀਵਰ ’ਤੇ ਘੁੰਮਣ ਗਿਆ ਸੀ ਤੇ ਇਸ ਦੌਰਾਨ ਰਾਫਟਿੰਗ ਦੌਰਾਨ ਇਹ ਹਾਦਸਾ ਵਾਪਰ ਗਿਆ। ਪਾਣੀ ਵਿੱਚ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਬਿਸ਼ਨ ਨਗਰ ਦੇ ਵਾਸੀ ਜੋਗਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਮਨਦੀਪ ਸਿੰਘ ਹੋਣਹਾਰ ਨੌਜਵਾਨ ਸੀ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਮੁਹੱਲਾ ਵਾਸੀਆਂ ਨੂੰ ਬਹੁਤ ਦੁੱਖ ਹੋਇਆ ਹੈ।