ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 12 ਜੂਨ
ਇਥੋਂ ਨੇੜਲੇ ਪਿੰਡ ਕਪਿਆਲ ਦੇ ਵਿਅਕਤੀ ਵੱਲੋਂ ਫੇਸਬੁੱਕ ’ਤੇ ਕਿਸਾਨਾਂ ਪ੍ਰਤੀ ਗਲਤ ਟਿੱਪਣੀ ਕਰਨ ਦੇ ਵਿਰੋਧ ਵਿੱਚ ਅੱਜ ਇਥੇ ਥਾਣੇ ਨੇੜੇ ਧਰਨਾ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਉਗਰਾਹਾਂ ਅਤੇ ਰਾਜੇਵਾਲ ਨਾਲ ਸਬੰਧਤ ਸੁਖਦੇਵ ਸਿੰਘ ਬਾਲਦ ਕਲਾਂ, ਮੇਜਰ ਸਿੰਘ ਬਾਲਦ ,ਪਿਆਰਾ ਸਿੰਘ ਕਪਿਆਲ, ਜਸਵੰਤ ਸਿੰਘ, ਸਰਬਜੀਤ ਸਿੰਘ, ਤ੍ਰਿਲੋਚਨ ਸਿੰਘ, ਅਮਰਜੀਤ ਸਿੰਘ ਅਤੇ ਤੇਜਾ ਸਿੰਘ ਨੇ ਕਿਹਾ ਕਿ ਕਪਿਆਲ ਪਿੰਡ ਦੇ ਵਿਅਕਤੀ ਵੱਲੋਂ ਫੇਸ ਬੁੱਕ ’ਤੇ ਪਾਈ ਪੋਸਟ ’ਤੇ ਕਿਸਾਨਾਂ ਪ੍ਰਤੀ ਨਫਰਤ ਵਾਲੀ ਟਿੱਪਣੀ ਕਰਕੇ ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਦੀ ਕੋਝੀ ਹਰਕਤ ਕੀਤੀ ਗਈ ਹੈ। ਬੀਤੀ ਸ਼ਾਮ ਜਦੋਂ ਇਹ ਮਸਲਾ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਨਜ਼ਦੀਕੀ ਨੇ ਹੋਰ ਗਲਤ ਟਿੱਪਣੀ ਕਰ ਕੇ ਕਿਸਾਨਾਂ ਅੰਦਰ ਰੋਹ ਪੈਦਾ ਕਰ ਦਿੱਤਾ। ਧਰਨੇ ਵਿੱਚ ਸੁਖਦੇਵ ਸਿੰਘ ਬਾਲਦ ਕਲਾਂ ਨੇ ਕਿਸਾਨ ਸੰਘਰਸ਼ ਦੇ ਪ੍ਰਸੰਗ ਵਿੱਚ ਇਸ ਮਸਲੇ ਨੂੰ ਜ਼ਾਬਤੇ ਵਿੱਚ ਰਹਿ ਕੇ ਨਜਿੱਠਣ ਲਈ ਕਿਹਾ। ਅਖੀਰ ਵਿੱਚ ਸੁਖਰਾਜ ਸਿੰਘ ਘੁੰਮਣ ਡੀਐੱਸਪੀ ਭਵਾਨੀਗੜ੍ਹ ਨੇ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦੇਣ ਅਤੇ ਦੂਜੇ ਵਿਅਕਤੀ ਵੱਲੋਂ ਧਰਨੇ ਵਿੱਚ ਪਹੁੰਚ ਕੇ ਮੁਆਫੀ ਮੰਗਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ ।