ਸੰਤੋਖ ਗਿੱਲ
ਗੁਰੂਸਰ ਸੁਧਾਰ, 12 ਜੂਨ
ਭਾਰਤ ਮਾਲਾ ਪ੍ਰਾਜੈਕਟ ਤਹਿਤ ਪਿੰਡ ਬੱਲੋਵਾਲ-ਗੁੱਜਰਵਾਲ ਦੀ ਹੱਦ ਉੱਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੁੱਪ-ਚੁਪੀਤੇ ਜ਼ਮੀਨਾਂ ਉੱਪਰ ਕਬਜ਼ਾ ਕਰਨ ਦੀ ਭਿਣਕ ਕਿਸਾਨਾਂ ਨੂੰ ਪੈ ਗਈ, ਜਿਸ ਕਾਰਨ ਅਧਿਕਾਰੀਆਂ ਨੂੰ ਖ਼ਾਲੀ ਹੱਥ ਮੁੜਨਾ ਪਿਆ। ਜਾਣਕਾਰੀ ਅਨੁਸਾਰ ਸੁਰਿੰਦਰਪਾਲ ਸਿੰਘ ਪੰਨੂ ਤਹਿਸੀਲਦਾਰ ਲੁਧਿਆਣਾ (ਦੱਖਣੀ) ਭਾਰੀ ਪੁਲੀਸ ਫੋਰਸ ਸਣੇ ਅੱਜ ਕਬਜ਼ਾ ਲੈਣ ਲਈ ਪੁੱਜੇ ਸਨ, ਜਿਸ ਦਾ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੇ ਸੂਬਾਈ ਪ੍ਰਧਾਨ ਬਿਕਰਜੀਤ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਘਰਾਂ ਦਾ ਢੁਕਵਾਂ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਧਿਕਾਰੀਆਂ ਨੂੰ ਜ਼ਮੀਨ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਤਹਿਸੀਲਦਾਰ ਲੁਧਿਆਣਾ ਵੱਲੋਂ ਅਚਾਨਕ ਕੀਤੇ ਜਾ ਰਹੇ ਕਬਜ਼ੇ ਦੀ ਇਸ ਕੋਸ਼ਿਸ਼ ਦਾ ਵਿਰੋਧ ਕਰਦਿਆਂ ਪ੍ਰਧਾਨ ਬਿਕਰਜੀਤ ਸਿੰਘ ਨੇ ਕਿਹਾ ਕਿ ਇਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਪੀੜਤ ਲੋਕਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਦੂਜੇ ਪਾਸੇ ਚੁੱਪ-ਚੁਪੀਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਤਹਿਸੀਲਦਾਰ ਸੁਰਿੰਦਰ ਪਾਲ ਸਿੰਘ ਪੰਨੂ ਕਿਸਾਨ ਆਗੂਆਂ ਨੂੰ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰਨ ਬਾਰੇ ਆਖ ਕੇ ਮੌਕੇ ਤੋਂ ਚਲੇ ਗਏ।
ਇਸ ਸਬੰਧੀ ਤਹਿਸੀਲਦਾਰ ਨੂੰ ਪ੍ਰਤੀਕਿਰਿਆ ਲੈਣ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਵਾਰ ਵਾਰ ਫੋਨ ਕਰਨ ’ਤੇ ਕੋਈ ਜਵਾਬ ਨਹੀਂ ਦਿੱਤਾ। ਕਿਸਾਨ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਸਲੇ ਦੇ ਫ਼ੌਰੀ ਹੱਲ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਰਕਾਰੀ ਅਧਿਕਾਰੀਆਂ, ਮੰਤਰੀਆਂ ਅਤੇ ਵਿਧਾਇਕਾਂ ਦੇ ਪਿੰਡਾਂ ਵਿੱਚ ਘਿਰਾਓ ਕੀਤਾ ਜਾਵੇ।
ਇਸ ਮੌਕੇ ਕਿਸਾਨ ਆਗੂ ਅਵਤਾਰ ਸਿੰਘ ਝੁੰਗੀਆਂ-ਬੇਗਾਂ, ਸੁਖਪਾਲ ਸਿੰਘ ਬਰਨਾਲਾ, ਪਰਮਜੀਤ ਸਿੰਘ ਕੋਟ-ਆਗਾ, ਰਮਾਇਣਜੀਤ ਸਿੰਘ ਬੱਲੋਵਾਲ, ਭਾਕਿਯੂ (ਉਗਰਾਹਾਂ) ਦੇ ਆਗੂ ਸੁਦਾਗਰ ਸਿੰਘ ਘੁਡਾਣੀ, ਰਾਜਿੰਦਰ ਸਿੰਘ ਸਿਆੜ ਅਤੇ ਕੁਲਦੀਪ ਸਿੰਘ ਗੁੱਜਰਵਾਲ ਵੀ ਮੌਜੂਦ ਸਨ।