ਸੁਰਜੀਤ ਮਜਾਰੀ
ਬੰਗਾ, 13 ਮਾਰਚ
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਦੇਰ ਸ਼ਾਮ ਖਟਕੜ ਕਲਾਂ ਪੁੱਜ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਮਾਰਕ ’ਤੇ ਸਿਜਦਾ ਕੀਤਾ। ਉਨ੍ਹਾਂ ਆਪਣੀ ਜਿੱਤ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕੀਤੀ। ਵਿਧਾਇਕਾ ਭਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ 16 ਮਾਰਚ ਨੂੰ ਖਟਕੜ ਕਲਾਂ ਵਿੱਚ ਰੱਖਿਆ ਗਿਆ ਸਹੁੰ ਚੁੱਕ ਸਮਾਗਮ ਇਤਿਹਾਸਕ ਫ਼ੈਸਲਾ ਹੈ, ਜੋ ਕੌਮੀ ਪੱਧਰ ’ਤੇ ਦੂਜੀਆਂ ਧਿਰਾਂ ਲਈ ਵੱਡੀ ਪ੍ਰੇਰਨਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਸਮਾਜ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸ਼ਹੀਦਾਂ ਦੀ ਸੋਚ ਜ਼ਮੀਨੀ ਪੱਧਰ ’ਤੇ ਅਪਣਾਉਣ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਇਸ ਵਾਰ ਜੋ ਮਾਣ ‘ਆਪ’ ਨੂੰ ਦਿੱਤਾ ਹੈ, ਉਸ ਨਾਲ ਪੰਜਾਬ ਦੇ ਬਹੁ-ਪੱਖੀ ਵਿਕਾਸ ਲਈ ਰਾਹ ਖੁੱਲ੍ਹਣਗੇ। ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਦੇ ਰੂਪ ’ਚ ਇੱਕ ਨੇਕ ਇਨਸਾਨ ਦੀ ਅਗਵਾਈ ਮਿਲਣਾ ਵੀ ਵੱਡੇ ਸੁਭਾਗ ਵਾਲੀ ਗੱਲ ਹੈ। ਦੱਸਣਯੋਗ ਹੈ ਕਿ ਨਰਿੰਦਰ ਕੌਰ ਭਰਾਜ ਨੇ ਆਪਣੇ ਵਿਰੋਧੀ ਕਾਂਗਰਸ ਦੇ ਸਾਬਕਾ ਵਜ਼ੀਰ ਵਿਜੈਇੰਦਰ ਸਿੰਗਲਾ ਨੂੰ ਮਾਤ ਦਿੱਤੀ ਹੈ।