ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 18 ਅਕਤੂਬਰ
ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕੁਝ ਟਰੈਵਲ ਏਜੰਟਾਂ ਵੱਲੋਂ ਮਾਰੀ ਕਥਿਤ ਠੱਗੀ ਦੇ ਮਾਮਲੇ ਵਿਚ ਇਨਸਾਫ਼ ਨਾ ਮਿਲਣ ਕਾਰਨ ਰੋਹ ਵਿਚ ਆਏ ਪੀੜਤ ਬੱਚਿਆਂ ਦੇ ਤਿੰਨ ਪਰਿਵਾਰਕ ਮੈਂਬਰ ਅੱਜ ਸਵੇਰੇ ਇਸ ਸ਼ਹਿਰ ਦੀ ਪੰਜਾਬ ਮੰਡੀਕਰਨ ਬੋਰਡ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਹਫ਼ਤੇ ਤੋਂ ਪੀੜਤ ਬੱਚਿਆਂ ਦੇ ਮਾਪਿਆਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਵਿਚ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਟੈਂਕੀ ‘ਤੇ ਚੜ੍ਹੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ਼ਦਾ ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ।