ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਮਈ
ਉੱਘੇ ਇਨਕਲਾਬੀ ਨਾਟਕਕਾਰ ਤੇ ਚਿੰਤਕ ਗੁਰਸ਼ਰਨ ਭਾਅਜੀ ਦੇ ਜੱਦੀ ਘਰ ਨੂੰ ਵਿਰਾਸਤ ਅਤੇ ਯਾਦਗਾਰ ਵਜੋਂ ਸੰਭਾਲਣ ਲਈ ਰੰਗਕਰਮੀ, ਬੁੱਧੀਜੀਵੀ, ਚਿੰਤਕ ਤੇ ਹੋਰ ਸਰਗਰਮ ਹੋ ਗਏ ਹਨ। ਇਸ ਸਬੰਧੀ ਭਾਅਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਕਾਇਮ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਦੇ ਜੱਦੀ ਘਰ ਦੇ ਬਾਹਰ ਨਗਰ ਨਿਗਮ ਦੇ ਐੱਮਟੀਪੀ ਵਿਭਾਗ ਵੱਲੋਂ ਕੋਈ ਨਵੀਂ ਉਸਾਰੀ ਨਾ ਕਰਨ ਅਤੇ ਢਹਿ-ਢੇਰੀ ਨਾ ਕਰਨ ਸਬੰਧੀ ਲਾਏ ਗਏ ਆਦੇਸ਼ਾਂ ਵਾਲੇ ਪੱਤਰ ਨੂੰ ਕਿਸੇ ਨੇ ਪਾੜ ਦਿੱਤਾ ਹੈ ਪਰ ਅੱਜ ਇੱਥੇ ਢਹਿ-ਢੇਰੀ ਕਰਨ ਵਾਲਾ ਕੋਈ ਕਾਰਜ ਨਹੀਂ ਹੋਇਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਇਸ ਘਰ ਨੂੰ ਢਾਹੁਣ ਤੋਂ ਰੋਕਣ ਦਾ ਯਤਨ ਕੀਤਾ ਗਿਆ ਸੀ। ਅੱਜ ਇਸ ਮਾਮਲੇ ਵਿੱਚ ਗੁਰਸ਼ਰਨ ਭਾਅਜੀ ਦੇ ਜੱਦੀ ਘਰ ਨੂੰ ਵਿਰਾਸਤ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਰੰਗਕਰਮੀਆਂ, ਜਮਹੂਰੀ ਅਧਿਕਾਰਾਂ, ਬੁੱਧੀਜੀਵੀਆਂ, ਸੱਭਿਆਚਾਰਕ, ਤਰਕਸ਼ੀਲ, ਸਾਹਿਤਕ ਵਿਦਿਆਰਥੀਆਂ, ਕਿਸਾਨਾਂ, ਮਜ਼ਦੂਰਾਂ ਦੀਆਂ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕ ਮੀਟਿੰਗ ਸਥਾਨਕ ਵਿਰਸਾ ਵਿਹਾਰ ਕੇਂਦਰ ਵਿੱਚ ਹੋਈ ਹੈ, ਜਿੱਥੇ ਇਸ ਮੰਤਵ ਲਈ ਭਾਅਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਦੀ ਸਥਾਪਨਾ ਕੀਤੀ ਗਈ। ਇਸ ਸਬੰਧੀ ਪੰਜ ਮੈਂਬਰੀ ਸੰਚਾਲਨ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਲਈ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੋਵਾਂ ਨੂੰ ਕਮੇਟੀ ਦੇ ਕਨਵੀਨਰ ਨਾਮਜ਼ਦ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਸੁਮੀਤ ਸਿੰਘ ਅਤੇ ਸਾਫ਼ਮਾ ਸੰਸਥਾ ਤੋਂ ਜੇਐੱਸ ਜੱਸ ਨੂੰ ਮੈਂਬਰ ਵਜੋਂ ਕਮੇਟੀ ਵਿੱਚ ਸ਼ਾਮਲ ਕੀਤਾ ਹੈ। ਕਮੇਟੀ ਦੇ ਕਨਵੀਨਰ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ ਕਿ ਗੁਰਸ਼ਰਨ ਭਾਅਜੀ ਦੇ ਜੱਦੀ ਘਰ ਨੂੰ ਯਾਦਗਾਰੀ ਅਜਾਇਬ ਘਰ ਵਿੱਚ ਤਬਦੀਲ ਕਰ ਕੇ ਇਸ ਨੂੰ ਵਿਰਾਸਤ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਪੰਜਾਬ ਦੇ ਲੋਕਪੱਖੀ ਰੰਗਮੰਚ, ਸੱਭਿਆਚਾਰ, ਸਾਹਿਤ ਅਤੇ ਲੋਕਪੱਖੀ ਸਮਾਜਿਕ ਤਬਦੀਲੀ ਦੇ ਖੇਤਰ ਵਿੱਚ ਲਗਪਗ ਪੰਜ ਦਹਾਕੇ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਿ ਅਗਲੀ ਮੀਟਿੰਗ ਵਿੱਚ ਹੋਰ ਲੋਕਪੱਖੀ ਜਨਤਕ ਜਥੇਬੰਦੀਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇਗਾ।