ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਵਿੱਚ ‘ਆਪ’ ਸਰਕਾਰ ਵੱਲੋਂ ਸਲਾਹਕਾਰ ਕਮੇਟੀ ਗਠਿਤ ਕਰਨ ਦੇ ਫ਼ੈਸਲੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਹੈ ਕਿ ਭਗਵੰਤ ਮਾਨ ਨੇ ਪੰਜਾਬ ਸਰਕਾਰ ਆਪਣੇ ਮਾਲਕਾਂ ਅਧੀਨ ਕਰ ਦਿੱਤੀ ਹੈ। ਸ੍ਰੀ ਚੰਦੂਮਾਜਰਾ ਨੇ ਇੱਕ ਬਿਆਨ ਰਾਹੀਂ ਸਲਾਹਕਾਰ ਕਮੇਟੀ ਬਣਾਉਣ ਦੇ ਫ਼ੈਸਲੇ ਨੂੰ ਗ਼ੈਰਸੰਵਿਧਾਨਕ, ਅਨੈਤਿਕ ਅਤੇ ਸਿਆਸੀ ਬੇਈਮਾਨੀ ਕਰਾਰ ਦਿੱਤਾ ਹੈ, ਜਿਸ ਦਾ ਮਕਸਦ ਲੋਕਾਂ ਦੇ ਫ਼ਤਵੇ ਨੂੰ ਦਿੱਲੀ ਸਰਕਾਰ ਦੇ ਅਧੀਨ ਕਰਨਾ ਹੈ। ਅਕਾਲੀ ਆਗੂ ਨੇ ਕਿਹਾ ਕਿ ਪਹਿਲਾਂ ਤਾਂ ਇਹ ਸਲਾਹਕਾਰੀ ਕਮੇਟੀ ਪੰਜਾਬ ਦੇ ਲੋਕਾਂ ਦੀ ਇੱਛਾ ਦਾ ਵੱਡਾ ਅਪਮਾਨ ਤੇ ਉਨ੍ਹਾਂ ਦੇ ਫ਼ਤਵੇ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਪੂਰਨ ਤੌਰ ’ਤੇ ਗ਼ੈਰਸੰਵਿਧਾਨਕ ਹੈ ਕਿਉਂਕਿ ਇਸ ਨਾਲ ਅਣਚੁਣਿਆ ਅਥਾਰਟੀ ਕੇਂਦਰ ਤਿਆਰ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਫ਼ੈਸਲਾ ਪੰਜਾਬੀਆਂ ਵੱਲੋਂ ਚੁਣੀ ਗਈ ਸਰਕਾਰ ਨੂੰ ਦੂਜੇ ਸੂਬੇ ਦੇ ਆਗੂਆਂ ਅਧੀਨ ਕਰਨ ਬਰਾਬਰ ਹੈ। -ਟਨਸ