ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਜਨਵਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਬਿਆਨ ਦੀ ਆਲੋਚਨਾ ਕਰਦਿਆਂ ਆਖਿਆ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਮਾਨ ਵਰਗੇ ਲੋਕ ਜਿਨ੍ਹਾਂ ਨੂੰ ਸੰਵਿਧਾਨਕ ਤੇ ਕਾਨੂੰਨੀ ਪ੍ਰਕਿਰਿਆ ਬਾਰੇ ਉੱਕਾ ਵੀ ਗਿਆਨ ਨਹੀਂ ਹੈ, ਰਾਜਨੀਤੀ ਵਿੱਚ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਕੋ-ਇਕ ਉਦੇਸ਼ ਤਹਿਤ ਬਿਨਾਂ ਕਿਸੇ ਤਰਕ ਤੋਂ ਬਿਆਨ ਦਿੰਦੇ ਰਹਿੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰੀ ਕਾਨੂੰਨਾਂ ਨੂੰ ਚੁਣੌਤੀ ਦੇਣ ਲਈ ਲੋੜੀਂਦੀਆਂ ਪਟੀਸ਼ਨਾਂ ਪਹਿਲਾਂ ਹੀ ਤਿਆਰ ਕਰ ਲਈਆਂ ਹਨ ਅਤੇ ਇਨ੍ਹਾਂ ਨੂੰ ਕਾਨੂੰਨੀ ਮਾਹਿਰਾਂ ਦੀ ਸਲਾਹ ਨਾਲ ਢੁੱਕਵੇਂ ਸਮੇਂ ’ਤੇ ਦਾਇਰ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਆਪਣੇ ਬੌਸ ਵਾਂਗ ਭਗਵੰਤ ਮਾਨ ਵੀ ਝੂਠ ਬੋਲਣ ਤੇ ਧੋਖਾ ਦੇਣ ਦੀ ਕਲਾ ਵਿੱਚ ਮੁਹਾਰਤ ਹਾਸਲ ਕਰ ਚੁੱਕਾ ਹੈ ਪਰ ਅਜਿਹਾ ਕਰਦਿਆਂ ਉਸ ਨੇ ਸੰਵਿਧਾਨਕ ਤੇ ਵਿਧਾਨਕ ਪ੍ਰਕਿਰਿਆਵਾਂ ਬਾਰੇ ਹੋਛੇ ਬਿਆਨ ਦੇ ਕੇ ਸੰਸਦ ਮੈਂਬਰ ਵਜੋਂ ਆਪਣੀ ਨਾਕਾਬਲੀਅਤ ਦਾ ਪਰਦਾਫਾਸ਼ ਕਰ ਲਿਆ।’’ ਮੁੱਖ ਮੰਤਰੀ ਨੇ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਉਹ ਅਜਿਹੇ ਮਹੱਤਵਪੂਰਨ ਮਾਮਲਿਆਂ ਉੱਤੇ ਆਪਣਾ ਮੂੰਹ ਬੰਦ ਹੀ ਰੱਖਣ।