ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 9 ਫਰਵਰੀ
ਹਲਕਾ ਭਦੌੜ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਕਾਹਨੇ ਕਾ ਵਿੱਚ ਸੰਬੋਧਨ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਬਣਨ ਦੇ ਲਾਇਕ ਨਹੀਂ ਹਨ ਅਤੇ ਉਹ ਮੇਰੇ ਵੱਲੋਂ ਚੋਣ ਕਮਿਸ਼ਨ ਨੂੰ ਹਲਫੀਆ ਬਿਆਨ ਵਿੱਚ ਦੱਸੀ 1 ਕਰੋੜ 69 ਲੱਖ ਦੀ ਆਮਦਨ ਨੂੰ 169 ਕਰੋੜ ਦੱਸ ਕੇ ਪੰਜਾਬ ਵਾਸੀਆਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਬੀਤੇ ਦਿਨ ਭਾਜਪਾ ਦੀ ਵਰਚੁਅਲ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਬਿਆਨ ਕਿ ਪੰਜਾਬ ਨੂੰ ਕਾਂਗਰਸ, ਨਸ਼ਾ ਅਤੇ ਅਤਿਵਾਦ ਮੁਕਤ ਕੀਤਾ ਜਾਵੇਗਾ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪੰਜਾਬ ਪਹਿਲਾਂ ਹੀ ਮੋਦੀ ਮੁਕਤ ਹੋ ਚੱਕਿਆ ਹੈ ਤੇ ਜਲਦੀ ਹੀ ਦੇਸ਼ ਵੀ ਮੋਦੀ ਮੁਕਤ ਹੋ ਜਾਵੇਗਾ।
ਜੈਤੋ (ਸ਼ਗਨ ਕਟਾਰੀਆ): ਜੈਤੋ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਦਰਸ਼ਨ ਸਿੰਘ ਢਿੱਲਵਾਂ ਦੇ ਹੱਕ ਵਿੱਚ ਅੱਜ ਇੱਥੇ ਦਾਣਾ ਮੰਡੀ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਦਾ ਜੱਦੀ ਹਲਕਾ ਚਮਕੌਰ ਸਾਹਿਬ ਹੈ ਪਰ ਉਹ ਭਦੌੜ ਤੋਂ ਚੋਣ ਇਸ ਲਈ ਲੜ ਰਹੇ ਹਨ ਤਾਂ ਕਿ ਮਾਲਵੇ ਨੂੰ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਵਾਸੀਆਂ ਨੇ ਬਾਦਲ ਤੇ ਕੈਪਟਨ ਬਹੁਤ ਦੇਖ ਲਏ, ਹੁਣ ਉਹ ਉਨ੍ਹਾਂ ਦੇ 111 ਦਿਨ ਦੇਖ ਕੇ ਪੰਜ ਸਾਲ ਹੋਰ ਦੇਣ।
ਮੋਗਾ/ਬਾਘਾਪੁਰਾਣਾ (ਮਹਿੰਦਰ ਸਿੰਘ ਰੱਤੀਆਂ/ਯਸ਼ ਚੁਟਾਨੀ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਗਾ ਤੇ ਬਾਘਾਪੁਰਾਣਾ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਥੇ ਸ਼ਹਿਰ ਦੀ ਦਲਿਤ ਵਸੋਂ ਵਜੋਂ ਜਾਣੀ ਜਾਂਦੀ ਬੱਗੇਆਣਾ ਬਸਤੀ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਨਿਰਧਾਰਤ 4 ਵਜੇ ਦੇ ਸਮੇਂ ਤੋਂ ਕਰੀਬ ਸਵਾ ਦੋ ਘੰਟੇ ਲੇਟ ਪੁੱਜੇ। ਉਨ੍ਹਾਂ ਕਿਹਾ ਕਿ ਮਾਲਵਿਕਾ ਸੂਦ ਨੂੰ ਜਿੱਤਣ ’ਤੇ ਕੈਬਨਿਟ ਮੰਤਰੀ ਬਣਾਇਆ ਜਾਵੇਗਾ। ਵਿਧਾਨ ਸਭਾ ਹਲਕਾ ਬਾਘਾਪੁਰਾਣਾ ਵਿੱਚ ਕਾਂਗਰਸੀ ਉਮੀਦਵਾਰ ਦਰਸ਼ਨ ਸਿੰਘ ਬਰਾੜ ਦੇ ਹੱਕ ਵਿੱਚ ਅਨਾਜ ਮੰਡੀ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਜਲਸੇ ਨੂੰ ਸੰਬੋਧਨ ਕਰਨ ਲਈ ਆਪਣੇ ਨਿਰਧਾਰਤ 2.30 ਵਜੇ ਦੇ ਸਮੇਂ ਕਰੀਬ 3 ਘੰਟੇ ਲੇਟ ਪੁੱਜੇ। ਇਸ ਮੌਕੇ ਚੰਨੀ ਸੰਬੋਧਨ ਕਰਨ ਲੱਗੇ ਤਾਂ ਪ੍ਰੈੱਸ ਕਵਰੇਜ ਕਾਰਨ ਲੋਕਾਂ ਨੂੰ ਚੰਨੀ ਦਾ ਚਿਹਰਾ ਨਾ ਦਿਖਣ ਤੋਂ ਉਹ ਰੌਲਾ ਪਾਉਣ ਲੱਗ ਪਏ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੱਤਰਕਾਰ ਪਾਸੇ ਹੋ ਜਾਣ ਉਨ੍ਹਾਂ ਨੁੂੰ ਫੋਟੋ ਦੀ ਲੋੜ ਘੱਟ ਤੇ ਲੋਕਾਂ ਦੀ ਵੱਧ ਲੋੜ ਹੈ, ਜਿਸ ਕਾਰਨ ਪ੍ਰੈੱਸ ਵੱਲੋਂ ਬਾਈਕਾਟ ਕਰ ਦਿੱਤਾ ਗਿਆ।
ਕ੍ਰਿਕਟ ਤੇ ਤਾਸ਼ ਖੇਡੀ
ਹਲਕਾ ਭਦੌੜ ਵਿੱਚ ਅੱਜ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪਿੰਡ ਅਸਪਾਲ ਖੁਰਦ ਵਿੱਚ ਨੌਜਵਾਨਾਂ ਨਾਲ ਕ੍ਰਿਕਟ ਖੇਡੀ। ਇਸ ਮੌਕੇ ਉਨ੍ਹਾਂ ਛੇ-ਸੱਤ ਗੇਂਦਾਂ ਦਾ ਸਾਹਮਣਾ ਕੀਤਾ। ਇਸੇ ਦੌਰਾਨ ਸ੍ਰੀ ਚੰਨੀ ਨੇ ਪਿੰਡ ਕੋਟਦੁੰਨਾ ਦੀ ਸੱਥ ਵਿੱਚ ਬੈਠੇ ਬਾਬਿਆਂ ਨਾਲ ਤਾਸ਼ ਵੀ ਖੇਡੀ। ਇਸ ਮੌਕੇ ਬੀਤੇ ਦਿਨੀਂ ਅਕਾਲੀ ਦਲ ਛੱਡ ਕੇ ਆਏ ਦਰਬਾਰਾ ਸਿੰਘ ਗੁਰੂ ਤੇ ਉਨ੍ਹਾਂ ਦੇ ਕੱਟੜ ਵਿਰੋਧੀ ਰਹੇ ਮੁਹੰਮਦ ਸਦੀਕ ਦੋਵੇਂ ਮੁੱਖ ਮੰਤਰੀ ਦੇ ਸੱਜੇ-ਖੱਬੇ ਖੜ੍ਹੇ ਇਕ-ਦੂਜੇ ਨਾਲੋਂ ਨੇੜਤਾ ਦਰਸਾਉਂਦੇ ਰਹੇ।
ਕਿਸਾਨਾਂ ਵੱਲੋਂ ਚੰਨੀ ਦਾ ਵਿਰੋਧ
ਹਲਕਾ ਭਦੌੜ ਦੇ ਪਿੰਡ ਪਿੰਡ ਕੋਟਦੁੰਨਾ, ਅਸਪਾਲ ਖੁਰਦ ਅਤੇ ਫਤਹਿਗੜ੍ਹ ਛੰਨਾ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਵਿਰੋਧ ਕੀਤਾ ਗਿਆ। ਪਿੰਡ ਦੇ ਕਿਸਾਨ ਨਰਮੇ ਦੇ ਮੁਆਵਜ਼ੇ, ਬੇਰੁਜ਼ਗਾਰੀ ਅਤੇ ਹੋਰ ਮੁੱਦਿਆਂ ਸਬੰਧੀ ਮੁੱਖ ਮੰਤਰੀ ਚੰਨੀ ਨੂੰ ਸਵਾਲ ਕਰਨਾ ਚਾਹੁੰਦੇ ਸਨ ਪਰ ਚੰਨੀ ਜਵਾਬ ਦੇਣ ਦੀ ਥਾਂ ਹੱਥ ਹਿਲਾ ਕੇ ਚਲਦੇ ਬਣੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਚਰਨਜੀਤ ਚੰਨੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ, ਉਨ੍ਹਾਂ ਦਾ ਪਿੰਡਾਂ ਵਿੱਚੋਂ ਆਉਣ ’ਤੇ ਘਿਰਾਓ ਅਤੇ ਵਿਰੋਧ ਜਾਰੀ ਰਹੇਗਾ।