ਪੀ.ਪੀ ਵਰਮਾ
ਪੰਚਕੂਲਾ, 24 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਚਕੂਲਾ ਸਥਿਤ ਗੁਰਦੁਆਰਾ ਨਾਢਾ ਸਾਹਿਬ ਮੱਥਾ ਟੇਕਿਆ। ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਤਿੰਨ ਦਿਨ ਪਹਿਲਾਂ ਇੱਥੇ ਅਖੰਡ ਪਾਠ ਰਖਵਾਇਆ ਸੀ। ਅੱਜ ਅਖੰਡ ਪਾਠ ਦੇ ਭੋਗ ਮੌਕੇ ਉਹ ਇੱਥੇ ਨਤਮਸਤਕ ਹੋਣ ਪਹੁੰਚੇ। ਉਹ ਲਗਪਗ ਡੇਢ ਘੰਟਾ ਇੱਥੇ ਰਹੇ। ਅਖੰਡ ਪਾਠ ਆਰੰਭ ਕਰਵਾਉਣ ਵੇਲੇ ਵੀ ਉਹ ਇੱਥੇ ਆਏ ਸਨ। ਇਸ ਮੌਕੇ ਗੁਰਦੁਆਰਾ ਨਾਢਾ ਸਾਹਿਬ ਦੇ ਮੈਨੇਜਰ ਸੁਖਦੇਵ ਸਿੰਘ ਪਿਹੋਵਾ ਅਤੇ ਹੈੱਡ ਗ੍ਰੰਥੀ ਭਾਈ ਜਗਜੀਤ ਸਿੰਘ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਪਵਿੱਤਰ ਅਸਥਾਨ ’ਤੇ ਵਾਹਿਗੁਰੂ ਤੋਂ ਆਸ਼ੀਰਵਾਦ ਲੈਣ ਆਏ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਵੱਲੋਂ ਸੌਂਪੀ ਗਈ ਹਰ ਜ਼ਿੰਮੇਵਾਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।