ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 5 ਮਈ
ਇੱਥੇ ਥਾਣਾ ਦਿਆਲਪੁਰਾ ਭਾਈਕਾ ਦੀ ਪੁਲੀਸ ਨੇ ਸਥਾਨਕ ਸ਼ਹਿਰ ਦੇ ਬੱਸ ਅੱਡੇ ’ਚ ਬੀਤੀ 28 ਅਪਰੈਲ ਦੀ ਦੇਰ ਰਾਤ ਤਿੰਨ ਬੱਸਾਂ ਨੂੰ ਅੱਗ ਲੱਗਣ ਕਾਰਨ ਇੱਕ ਬੱਸ ਕੰਡਕਟਰ ਦੇ ਜਿਊਂਦਾ ਸੜਨ ਦੇ ਮਾਮਲੇ ’ਚ ਇੱਕ ਬੱਸ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗ੍ਰਿਫ਼ਤਾਰੀ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਬੱਸ ਅੱਡੇ ਵਿੱਚ ਖੜ੍ਹੀਆਂ ਬੱਸਾਂ ਨੂੰ ਅੱਗ ਲਗਾਉਣ ਵਿੱਚ ਇਨ੍ਹਾਂ ਬੱਸਾਂ ਵਿੱਚੋਂ ਇੱਕ ਦੇ ਡਰਾਈਵਰ ਦਾ ਹੀ ਹੱਥ ਸੀ, ਜਿਸ ਨੇ 1300 ਰੁਪਏ ਦੀ ਛੋਟੀ ਜਿਹੀ ਚੋਰੀ ਲੁਕਾਉਣ ਲਈ ਇਸ ਘਟਨਾ ਨੂੰ ਕਥਿਤ ਅੰਜਾਮ ਦਿੱਤਾ ਸੀ। ਗ੍ਰਿਫ਼ਤਾਰ ਡਰਾਈਵਰ ਦੀ ਪਛਾਣ ਅਵਤਾਰ ਸਿੰਘ ਤਾਰੀ ਵਾਸੀ ਮਾਨਸਾ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਥਾਣਾ ਦਿਆਲਪੁਰਾ ਭਾਈਕਾ ਦੀ ਪੁਲੀਸ ਨੇ ਮ੍ਰਿਤਕ ਕੰਡਕਟਰ ਸੁਖਵਿੰਦਰ ਕੁਮਾਰ ਦੀ ਮਾਤਾ ਬਿਮਲਾ ਦੇਵੀ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜਦੋਂ ਪੁਲੀਸ ਨੇ ਇਸ ਡਰਾਈਵਰ ਤੋਂ ਪੁੱਛ-ਪੜਤਾਲ ਕੀਤੀ ਤਾਂ ਸਾਰੀ ਸਚਾਈ ਸਾਹਮਣੇ ਆ ਗਈ। ਜਾਣਕਾਰੀ ਮੁਤਾਬਕ ਇਸ ਡਰਾਈਵਰ ਨੇ ਪਹਿਲਾਂ ਬੱਸ ਵਿੱਚੋਂ ਕਰੀਬ ਦੋ ਸੌ ਲਿਟਰ ਡੀਜ਼ਲ ਕੱਢ ਕੇ ਵੇਚ ਦਿੱਤਾ, ਜਦਕਿ ਬਾਅਦ ’ਚ ਬੱਸ ਦੇ ਅੰਦਰ ਸੁੱਤੇ ਪਏ ਕੰਡਕਟਰ ਦੇ ਝੋਲੇ ਵਿੱਚੋਂ 13 ਸੌ ਰੁਪਏ ਚੋਰੀ ਕਰ ਲਏ। ਉਸ ਨੇ ਚੋਰੀ ਦੀ ਵਾਰਦਾਤ ਨੂੰ ਲੁਕਾਉਣ ਲਈ ਕੰਡਕਟਰ ਦੇ ਝੋਲੇ ਨੂੰ ਅੱਗ ਲਾ ਦਿੱਤੀ ਤੇ ਆਪ ਦੂਜੀ ਬੱਸ ’ਚ ਜਾ ਕੇ ਪੈ ਗਿਆ। ਇਸੇ ਦੌਰਾਨ ਥੈਲੇ ਨੂੰ ਲੱਗੀ ਅੱਗ ਕਾਰਨ ਬੱਸਾਂ ਅੱਗ ਦੀ ਲਪੇਟ ਵਿੱਚ ਆ ਗਈਆਂ। ਅੱਗ ਜ਼ਿਆਦਾ ਤੇਜ਼ ਹੋਣ ਕਾਰਨ ਕੰਡਕਟਰ ਸੁਖਵਿੰਦਰ ਕੁਮਾਰ ਬਾਹਰ ਨਾ ਨਿੱਕਲ ਸਕਿਆ ਤੇ ਬੱਸ ਅੰਦਰ ਹੀ ਸੜ ਗਿਆ। ਥਾਣਾ ਦਿਆਲਪੁਰਾ ਭਾਈਕਾ ਦੇ ਇੰਚਾਰਜ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਗ੍ਰਿਫ਼ਤਾਰ ਡਰਾਈਵਰ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਸ ਮਾਲਕਾਂ ਵੱਲੋਂ ਡੀਜ਼ਲ ਚੋਰੀ ਹੋਣ ਸਬੰਧੀ ਦਿੱਤੇ ਬਿਆਨਾਂ ਦੇ ਅਧਾਰ ’ਤੇ ਇਸ ਸਬੰਧੀ ਦਰਜ ਕੇਸ ਵਿੱਚ ਧਾਰਾ 380 ਦਾ ਵਾਧਾ ਕੀਤਾ ਹੈ।