ਪਵਨ ਗੋਇਲ
ਭੁੱਚੋ ਮੰਡੀ, 3 ਸਤੰਬਰ
ਇੱਥੇ ਕੌਮੀ ਮਾਰਗ ’ਤੇ ਸਥਿਤ ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਵਿੱਚੋਂ ਕਥਿੱਤ ਤੌਰ ’ਤੇ ਨੌਕਰੀ ਤੋਂ ਫਾਰਗ ਕੀਤੇ ਗਏ 47 ਲੜਕੇ ਅਤੇ ਲੜਕੀਆਂ ਨੇ ਅੱਜ ਪੰਜਵੇਂ ਦਿਨ ਵਰ੍ਹਦੇ ਮੀਂਹ ਵਿੱਚ ਵੀ ਮੋਰਚਾ ਜਾਰੀ ਰੱਖਿਆ। ਮੁਲਾਜ਼ਮਾਂ ਨੇ ਕੰਪਨੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਨੌਕਰੀ ਬਹਾਲ ਕੀਤੀ ਜਾਵੇ। ਧਰਨਾਕਾਰੀ ਮੁਲਾਜ਼ਮਾਂ ਨੇ ਅੱਠ ਸਤੰਬਰ ਤੱਕ ਨੌਕਰੀ ਬਹਾਲ ਨਾ ਕੀਤੇ ਜਾਣ ਦੀ ਸੂਰਤ ਵਿੱਚ ਬੀਕੇਯੂ ਏਕਤਾ (ਉਗਰਾਹਾਂ) ਤੇ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗ ਨਾਲ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ। ਮੁਲਾਜ਼ਮਾਂ ਦਾ ਰੁਜ਼ਗਾਰ ਬਹਾਲ ਕਰਵਾਉਣ ਲਈ ਉਗਰਾਹਾਂ ਧੜੇ ਨੇ ਵਾਲਮਾਰਟ ਕੰਪਨੀ ਨੂੰ ਪੰਜਾਬ ਵਿਚਲੇ ਪੰਜੇ ਮਾਲ ਨਾ ਚੱਲਣ ਦੇਣ ਦੀ ਚਿਤਾਵਨੀ ਦਿੱਤੀ ਹੋਈ ਹੈ।
ਮੁਲਾਜ਼ਮ ਆਗੂ ਜਸਪ੍ਰੀਤ ਸਿੰਘ, ਹਰਜੀਤ ਸਿੰਘ, ਨਿਰਮਲ ਸ਼ਰਮਾ, ਹਰਮਨ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਕਰੀਬ ਦਸ ਸਾਲਾਂ ਤੋਂ ਲਗਾਤਾਰ ਬੈਸਟ ਪ੍ਰਾਈਸ ਮਾਲ ਵਿੱਚ ਕੰਮ ਕਰ ਰਹੇ ਸਨ ਪਰ ਕੰਪਨੀ ਦੇ ਅਧਿਕਾਰੀਆਂ ਦੀ ਮੁਲਾਜ਼ਮ ਮਾਰੂ ਯੋਜਨਾ ਨੇ ਰੁਜ਼ਗਾਰ ਖੋਹ ਲਿਆ ਹੈ। ਇਸ ਨਾਲ ਮਾਲ ਵਿੱਚ ਕੰਮ ਕਰਦੇ ਕਰੀਬ 80 ਲੜਕੇ ਅਤੇ ਲੜਕੀਆਂ ਬੇਰੁਜ਼ਗਾਰ ਹੋ ਗਏ।