ਸੰਜੀਵ ਬੱਬੀ
ਚਮਕੌਰ ਸਾਹਿਬ, 4 ਮਈ
ਸੱਤਾ ਬਦਲਦੇ ਹੀ ਵਿਕਾਸ ਪ੍ਰਤੀ ਤਰਜੀਹ ਵੀ ਬਦਲ ਜਾਂਦੀ ਹੈ। ਇਸ ਦੀ ਉਦਾਹਰਨ ਚਮਕੌਰ ਸਾਹਿਬ ਹਲਕੇ ’ਚ ਸਰਕਾਰ ਬਦਲਣ ਮਗਰੋਂ ਰੁਕੇ ਹੋਏ ਵਿਕਾਸ ਕਾਰਜ ਹਨ। ਇਲਾਕੇ ਦੀ ਚਿਰੋਕਣੀ ਮੰਗ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 6 ਨਵੰਬਰ 2021 ਨੂੰ ਸਤਲੁਜ ਦਰਿਆ ’ਤੇ 114 ਕਰੋੜ ਰੁਪਏ ਦੀ ਲਾਗਤ ਨਾਲ ਬੇਲਾ-ਪਨਿਆਲੀ ਮਾਰਗ ’ਤੇ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਿਆ ਸੀ। ਉਸ ਵੇਲੇ ਸ੍ਰੀ ਚੰਨੀ ਨੇ ਕਿਹਾ ਸੀ ਕਿ ਇਸ ਪੁਲ ਨਾਲ ਬੇਲਾ ਤੋਂ ਦਰਿਆ ਪਾਰਲੇ ਪਿੰਡ ਪਨਿਆਲੀ ਤੱਕ ਨਵੀਂ ਲਿੰਕ ਸੜਕ ਦੀ ਉਸਾਰੀ ਨਾਲ ਦੁਆਬੇ ਤੋਂ ਚੰਡੀਗੜ੍ਹ ਦੀ ਦੂਰੀ 20 ਤੋਂ 25 ਕਿਲੋਮੀਟਰ ਘੱਟ ਜਾਵੇਗੀ। ਤਤਕਾਲੀ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ 114.81 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਪ੍ਰਾਜੈਕਟ ਨੂੰ ਗ੍ਰੀਨਫੀਲਡ ਪ੍ਰਾਜੈਕਟ ਕਰਾਰ ਦਿੱਤਾ ਸੀ। ਪਰ ਆਪਣੇ ਕਾਰਜਕਾਲ ਦੌਰਾਨ ਸ੍ਰੀ ਚੰਨੀ ਪੁਲ ਦੀ ਉਸਾਰੀ ਸ਼ੁਰੂ ਨਹੀਂ ਕਰਵਾ ਸਕੇ।
ਪੁਲ ਦਾ ਨੀਂਹ ਪੱਥਰ ਰੱਖਣ ਮੌਕੇ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚਮਕੌਰ ਸਾਹਿਬ ਵਿੱਚ ਹਾਕੀ ਦੇ ਐਸਟਰੋਟਰਫ ਮੈਦਾਨ ਤਿਆਰ ਕਰਨ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ, ਪਰ ਇਸ ਪਾਸੇ ਵੀ ਪੂਣੀ ਨਹੀਂ ਕੱਤੀ ਗਈ। ਮੋਰਿੰਡਾ-ਚਮਕੌਰ ਸਾਹਿਬ-ਬੇਲਾ ਸੜਕ ਨੂੰ ਚੌੜਾ ਕਰਨ ਦਾ ਕੰਮ ਵੀ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ। ਚਾਰ ਮਹੀਨੇ ਪਹਿਲਾਂ ਇਸ ਸੜਕ ਦੀਆਂ ਬਰਮਾਂ ਪੁੱਟ ਕੇ ਸੜਕ ਨੂੰ ਚੌੜਾ ਕਰਨ ਲਈ ਪੱਥਰ ਪਾਇਆ ਗਿਆ ਹੈ, ਪਰ ਦੋ ਤਿਹਾਈ ਸੜਕ ਹਾਲੇ ਵੀ ਅਧੂਰੀ ਹੈ ਤੇ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਹੁਣ ਦੇਖਣ ਵਾਲੀ ਗੱਲ ਹੈ ਕਿ ਮਾਨ ਸਰਕਾਰ ਸਿਆਸੀ ਪਾਰਟੀਆਂ ਦੀ ਸੌੜੀ ਰਵਾਇਤ ਅਨੁਸਾਰ ਪਿਛਲੀ ਸਰਕਾਰ ਦੇ ਲੋਕ ਪੱਖੀ ਪ੍ਰਾਜੈਕਟਾਂ ਨੂੰ ਠੰਢੇ ਬਸਤੇ ਵਿੱਚ ਪਾਵੇਗੀ ਜਾਂ ਫਰਾਖਦਿਲੀ ਦਿਖਾਉਂਦੇ ਹੋਏ ਚੱਲ ਰਹੇ ਵਿਕਾਸ ਕਾਰਜ ਪੂਰੇ ਕਰਵਾਏਗੀ।