ਜਸਵੰਤ ਜੱਸ
ਫ਼ਰੀਦਕੋਟ, 16 ਜੂਨ
ਬਹੁਚਰਚਿਤ ਬਹਬਿਲ ਗੋਲੀ ਕਾਂਡ ਵਿੱਚ ਪੁਲੀਸ ਨੇ ਅੱਜ ਫ਼ਰੀਦਕੋਟ ਦੇ ਨੌਜਵਾਨ ਐਡਵੋਕੇਟ ਸੁਹੇਲ ਸਿੰਘ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਹੈ। ਬਰਾੜ ਦੀ ਲਾਇਸੈਂਸੀ ਰਾਈਫਲ ਪੁਲੀਸ ਨੇ ਕਥਿਤ ਜਿਪਸੀ ਵਿੱਚ ਗੋਲੀਆਂ ਮਾਰਨ ਲਈ ਵਰਤੀ ਸੀ। ਪੁਲੀਸ ਨੇ ਹਾਲਾਂਕਿ ਮਗਰੋਂ ਦਾਅਵਾ ਕੀਤਾ ਸੀ ਕਿ ਜਿਪਸੀ ’ਚ ਗੋਲੀਆਂ ਧਰਨਾਕਾਰੀਆਂ ਨੇ ਮਾਰੀਆਂ ਹਨ ਅਤੇ ਪੁਲੀਸ ਨੇ ਸਵੈ-ਰੱਖਿਆ ਲਈ ਫਾਇਰਿੰਗ ਕੀਤੀ।
ਵਿਸ਼ੇਸ਼ ਜਾਂਚ ਟੀਮ(ਸਿੱਟ) ਦੇ ਮੈਂਬਰ ਆਈਜੀ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੁਹੇਲ ਸਿੰਘ ਬਰਾੜ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲੀਸ ਰਿਮਾਂਡ ਲਿਆ ਜਾਵੇਗਾ। ਚੇਤੇ ਰਹੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਸੰਗਤਾਂ ਨੇ ਬਹਬਿਲ ਕਲਾਂ ਵਿੱਚ ਧਰਨਾ ਦਿੱਤਾ ਹੋਇਆ ਸੀ, ਜਿੱਥੇ ਪੁਲੀਸ ਦੀ ਗੋਲੀ ਨਾਲ ਕ੍ਰਿਸ਼ਨ ਭਗਵਾਨ ਅਤੇ ਗੁਰਜੀਤ ਸਿੰਘ ਨਾਮ ਦੇ ਨੌਜਵਾਨਾਂ ਦੀ ਮੌਤ ਹੋ ਗਈ ਸੀ। ਪੁਲੀਸ ਨੇ ਇਨ੍ਹਾਂ ਮੌਤਾਂ ਨੂੰ ਜਾਇਜ਼ ਠਹਿਰਾਉਣ ਲਈ ਦਾਅਵਾ ਕੀਤਾ ਸੀ ਕਿ ਬਹਬਿਲ ਕਲਾਂ ’ਚ ਇਕੱਠੀ ਹੋਈ ਭੀੜ ਨੇ ਪੁਲੀਸ ਉੱਪਰ ਗੋਲੀਆਂ ਚਲਾਈਆਂ। ਉਨ੍ਹਾਂ ਨੇ ਸਬੂਤ ਵਜੋਂ ਜਿਪਸੀ ਸਰਕਾਰ ਸਾਹਮਣੇ ਪੇਸ਼ ਕੀਤੀ। ਸਿੱਟ ਨੇ ਆਪਣੀ ਪੜਤਾਲ ’ਚ ਦਾਅਵਾ ਕੀਤਾ ਹੈ ਕਿ ਪੁਲੀਸ ਦੀ ਜਿਪਸੀ ਉੱਪਰ ਗੋਲੀਆਂ ਲੋਕਾਂ ਨੇ ਨਹੀਂ, ਬਲਕਿ ਪੁਲੀਸ ਨੇ ਖੁਦ ਮਾਰੀਆਂ ਹਨ ਅਤੇ ਇਹ ਗੋਲੀਆਂ ਘਟਨਾ ਸਥਾਨ ’ਤੇ ਨਹੀਂ ਅਤੇ ਫ਼ਰੀਦਕੋਟ ’ਚ ਇੱਕ ਵਰਕਸ਼ਾਪ ’ਤੇ ਲਿਆ ਕੇ ਮਾਰੀਆਂ ਗਈਆਂ ਸਨ। ਸੁਹੇਲ ਸਿੰਘ ਬਰਾੜ ਨੂੰ ਫਰਵਰੀ 2019 ’ਚ ਜਾਂਚ ਟੀਮ ਨੇ ਗਵਾਹ ਬਣਾ ਲਿਆ ਸੀ ਅਤੇ ਅਦਾਲਤ ’ਚ ਉਸ ਨੇ 164 ਸੀਆਰਪੀਸੀ ਤਹਿਤ ਬਿਆਨ ਦਰਜ ਕਰਵਾਇਆ ਸੀ, ਪ੍ਰੰਤੂ ਹੁਣ ਪੁਲੀਸ ਨੇ ਸੁਹੇਲ ਸਿੰਘ ਬਰਾੜ ਨੂੰ ਬਹਬਿਲ ਗੋਲੀ ਕਾਂਡ ’ਚ ਮੁਲਜ਼ਮ ਵਜੋਂ ਨਾਮਜ਼ਦ ਕਰ ਲਿਆ ਹੈ। ਸੁਹੇਲ ਸਿੰਘ ਬਰਾੜ ਦੇ ਅਕਾਲੀਆਂ ਅਤੇ ਕਾਂਗਰਸੀਆਂ ਨਾਲ ਗੂੜੇ ਸਬੰਧ ਹਨ। ਅਕਾਲੀ ਆਗੂ ਜਗਮੀਤ ਸਿੰਘ ਬਰਾੜ ਦਾ ਇਸ ਪਰਿਵਾਰ ਨਾਲ ਕਾਫੀ ਗੂੜ੍ਹਾ ਰਿਸ਼ਤਾ ਹੈ। ਸੁਹੇਲ ਸਿੰਘ ਦੇ ਪਿਤਾ ਸੁਰਿੰਦਰ ਇਕਬਾਲ ਸਿੰਘ ਬਰਾੜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਨ ਅਤੇ ਬਾਅਦ ’ਚ ਉਹ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ। ਇਸ ਤੋਂ ਪਹਿਲਾਂ ਜਾਂਚ ਟੀਮ ਫ਼ਰੀਦਕੋਟ ਦੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਦੋਂ ਕਿ ਐੱਸਪੀ ਬਿਕਰਮ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਅਤੇ ਬਾਜਾਖਾਨਾ ਥਾਣੇ ਦੇ ਸਾਬਕਾ ਐੇੱਸਐੱਚਓ ਅਮਰਜੀਤ ਸਿੰਘ ਕੁਲਾਰ ਦੀ ਗ੍ਰਿਫਤਾਰੀ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਾਈ ਹੋਈ ਹੈ।