ਜਸਵੰਤ ਜੱਸ
ਫ਼ਰੀਦਕੋਟ, 3 ਅਕਤੂਬਰ
ਬਹਬਿਲ ਅਤੇ ਕੋਟਕਪੂਰਾ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੇ ਪਹਿਲੀ ਵਾਰ ਮੀਡੀਆ ਸਾਹਮਣੇ ਆ ਕੇ ਦਾਅਵਾ ਕੀਤਾ ਹੈ ਕਿ ਬਹਬਿਲ ਵਿੱਚ ਪੁਲੀਸ ਵੱਲੋਂ ਸਵੈ-ਰੱਖਿਆ ਲਈ ਗੋਲੀ ਚਲਾਈ ਗਈ ਸੀ ਅਤੇ ਪੁਲੀਸ ਕਿਸੇ ਵੀ ਅੰਦੋਲਨਕਾਰੀ ਨੂੰ ਮਾਰਨਾ ਨਹੀਂ ਚਾਹੁੰਦੀ ਸੀ। ਕਤਲ ਅਤੇ ਇਰਾਦਾ ਕਤਲ ਦੇ ਦੋਸ਼ਾਂ ’ਚ ਘਿਰੇ ਸਾਬਕਾ ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਪੂਰੇ ਕਾਂਡ ਦੀ ਸਚਾਈ ਸਾਹਮਣੇ ਲਿਆਉਣ ਲਈ ਉਹ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਤਿਆਰ ਹਨ ਪਰ ਇਹ ਟੈਸਟ ਲਾਈਵ ਹੋਣਾ ਚਾਹੀਦਾ ਹੈ, ਜਿਸ ਨੂੰ ਸਾਰੇ ਲੋਕ ਦੇਖ ਸਕਣ। ਉਨ੍ਹਾਂ ਕਿਹਾ ਕਿ ਕਮਜ਼ੋਰ ਸਿਹਤ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੇ ਰੋਗ ਹੋਣ ਕਾਰਨ ਉਨ੍ਹਾਂ ਨੇ ਪਹਿਲਾਂ ਲਾਈ ਡਿਟੈਕਟਰ ਲਈ ਸਹਿਮਤੀ ਨਹੀਂ ਦਿੱਤੀ ਸੀ ਪਰ ਪੂਰੇ ਮਾਮਲੇ ਦੀ ਸਚਾਈ ਸਾਹਮਣੇ ਲਿਆਉਣ ਲਈ ਉਹ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਵੀ ਲਾਈ ਡਿਟੈਕਟਰ ਟੈਸਟ ਕਰਾਇਆ ਜਾਵੇ ਅਤੇ ਇਸ ਤੱਥ ਦੀ ਪੜਤਾਲ ਕੀਤੀ ਜਾਵੇ ਕਿ ਕੁੰਵਰ ਵਿਜੈ ਪ੍ਰਤਾਪ ਦੀ ਪੜਤਾਲ ਦੇ ਮਾਪਦੰਡ ਕੀ ਸਨ।