ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਮਈ
ਮੁੱਖ ਅੰਸ਼
- ਕੇਸਾਂ ਦੀ ਪੈਰਵੀ ਠੀਕ ਢੰਗ ਨਾਲ ਨਾ ਕੀਤੇ ਜਾਣ ’ਤੇ ਨਾਰਾਜ਼ਗੀ ਪ੍ਰਗਟਾਈ
- ਵਿਧਾਨ ਸਭਾ ਸਪੀਕਰ ਅਤੇ ‘ਆਪ’ ਇੰਚਾਰਜ ਜਰਨੈਲ ਸਿੰਘ ਨੂੰ ਵੀ ਭੇਜਿਆ ਪੱਤਰ
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਬਹਬਿਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿਚ ਹਾਈ ਕੋਰਟ ਅਤੇ ਫਰੀਦਕੋਟ ਸੈਸ਼ਨ ਕੋਰਟ ਵਿਚ ਚੱਲ ਰਹੇ ਮਾਮਲਿਆਂ ਦੀ ਠੀਕ ਢੰਗ ਨਾਲ ਪੈਰਵੀ ਕੀਤੀ ਜਾਵੇ। ਉਨ੍ਹਾਂ ਇਸ ਮਾਮਲੇ ਵਿਚ ਪੈਰਵੀ ਠੀਕ ਨਾ ਹੋਣ ਦਾ ਦੋਸ਼ ਲਾਉਂਦਿਆਂ ਅਸਿੱਧੇ ਢੰਗ ਨਾਲ ਆਪਣੀ ਹੀ ਸਰਕਾਰ ਨਾਲ ਨਾਰਾਜ਼ਗੀ ਵੀ ਪ੍ਰਗਟਾਈ ਹੈ। ਵਿਧਾਇਕ ਨੇ ਇਹ ਪੱਤਰ ਸਿਰਫ਼ ਮੁੱਖ ਮੰਤਰੀ ਨੂੰ ਹੀ ਨਹੀਂ ਸਗੋਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੂੰ ਵੀ ਭੇਜੇ ਹਨ। ਇਸ ਦਾ ਉਤਾਰਾ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਵੀ ਭੇਜਿਆ ਗਿਆ ਹੈ। ਪੱਤਰ ਵਿਚ ਉਨ੍ਹਾਂ ਲਿਖਿਆ ਕਿ ਬਹਬਿਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਨਾਲ ਸਬੰਧਤ ਕੇਸ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਬਕਾਇਆ ਪਏ ਹਨ ਅਤੇ ਇਨ੍ਹਾਂ ਦੀ ਠੀਕ ਢੰਗ ਨਾਲ ਪੈਰਵੀ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਫਰੀਦਕੋਟ ਦੀ ਸੈਸ਼ਨ ਅਦਾਲਤ ਵਿਚ ਵੀ ਇਹ ਮਾਮਲਾ ਲਾਵਾਰਸਾਂ ਵਾਂਗ ਪਿਆ ਹੈ। ਉਨ੍ਹਾਂ ਕਿਹਾ ਕਿ 9 ਅਪਰੈਲ, 2021 ਨੂੰ ਕਾਂਗਰਸ ਸਰਕਾਰ ਵੇਲੇ ਆਈਜੀ ਦਾ ਅਹੁਦਾ ਅਤੇ ਨੌਕਰੀ ਇਸੇ ਲਈ ਛੱਡੀ ਸੀ ਕਿਉਂਕਿ ਉਸ ਵੇਲੇ ਦੀ ਹੁਕਮਰਾਨ ਸਰਕਾਰ ਅਤੇ ਕੁਝ ਪ੍ਰਭਾਵਸ਼ਾਲੀ ਲੋਕਾਂ ਵਿਚਾਲੇ ਇਸ ਮਾਮਲੇ ਨੂੰ ਲੈ ਕੇ ਮਿਲੀਭੁਗਤ ਹੋ ਚੁੱਕੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕਥਿਤ ਦੋੋਸ਼ੀ ਫਰੀਦਕੋਟ ਸੈਸ਼ਨ ਕੋਰਟ ਵਿਚ ਚੱਲ ਰਹੀ ਕਾਰਵਾਈ ਨੂੰ ਰੱਦ ਕਰਵਾ ਕੇ ਬਹਬਿਲ ਕਲਾਂ ਕੇਸ ਵਿਚੋਂ ਬਰੀ ਹੋਣਾ ਚਾਹੁੰਦੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਇਕ ਨਵੀਂ ਜਾਂਚ ਕਮੇਟੀ ਬਣਾਈ ਗਈ ਸੀ ਪਰ ਉਸ ਨੇ ਹੁਣ ਤਕ ਕੁਝ ਵੀ ਠੋਸ ਕੰਮ ਨਹੀਂ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਹਾਈ ਕੋਰਟ ਅਤੇ ਫਰੀਦਕੋਟ ਦੀ ਸੈਸ਼ਨ ਅਦਾਲਤ ਵਿਚ ਚੱਲ ਰਹੇ ਇਸ ਸਬੰਧੀ ਕੇਸਾਂ ਦੀ ਠੀਕ ਢੰਗ ਨਾਲ ਪੈਰਵੀ ਕਰਾਉਣ ਦਾ ਪ੍ਰਬੰਧ ਕਰਨ।
ਜ਼ਿਕਰਯੋਗ ਹੈ ਕਿ 2015 ਵਿਚ ਵਾਪਰੀ ਇਸ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਿੱਖ ਪੰਥ ਵਲੋਂ ਨਿਰੰਤਰ ਮੰਗ ਕੀਤੀ ਜਾ ਰਹੀ ਹੈ। ਇਸੇ ਮੰਗ ਦੇ ਆਧਾਰ ’ਤੇ ਹੀ ਪਿਛਲੀ ਕਾਂਗਰਸ ਸਰਕਾਰ ਸੱਤਾ ਵਿਚ ਆਈ ਸੀ ਅਤੇ ਹੁਣ ‘ਆਪ’ ਸਰਕਾਰ ਵੀ ਇਸ ਮਾਮਲੇ ਵਿਚ ਲੋਕਾਂ ਨੂੰ ਨਿਆਂ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਹੈ। ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ, ਜਿਨ੍ਹਾਂ ਇਸ ਮਾਮਲੇ ਦੀ ਜਾਂਚ ਕੀਤੀ ਸੀ, ਉਹ ਪਿਛਲੇ ਵਰ੍ਹੇ ਤੋਂ ਹੀ ਦੁਹਾਈ ਦੇ ਰਹੇ ਹਨ ਕਿ ਕੁਝ ਪ੍ਰਭਾਵਸ਼ਾਲੀ ਲੋਕ ਸੱਤਾਧਾਰੀਆਂ ਦੀ ਮਦਦ ਨਾਲ ਇਸ ਕੇਸ ਨੂੰ ਦਬਾਉਣ ਦਾ ਯਤਨ ਕਰ ਰਹੇ ਹਨ। ਇਸੇ ਕਰਕੇ ਹੀ ਉਨ੍ਹਾਂ ਵਲੋਂ ਕੀਤੀ ਗਈ ਜਾਂਚ ਨੂੰ ਕਿਸੇ ਤਨ-ਪੱਤਣ ਨਹੀਂ ਲੱਗਣ ਦਿੱਤਾ ਗਿਆ ਸੀ। ਉਨ੍ਹਾਂ ਰੋਸ ਵਜੋਂ ਪੰਜਾਬ ਪੁਲੀਸ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਿੱਖ ਜਥੇਬੰਦੀਆਂ ਨੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਸੀ ਪਰ ਹੁਣ ਆਪਣੀ ਸਰਕਾਰ ਬਣਨ ਤੋਂ ਬਾਅਦ ਇਸ ਮਾਮਲੇ ਦੀ ਚੱਲ ਰਹੀ ਜਾਂਚ ਤੋਂ ਉਹ ਸੰਤੁਸ਼ਟ ਨਹੀਂ ਹਨ।
ਹਾਈ ਕੋਰਟ ’ਚ ਅਰਜ਼ੀ ਦਾਖ਼ਲ
ਚੰਡੀਗੜ੍ਹ (ਟਨਸ): ਬੇਅਦਬੀ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੂੰ ਕੋਟਕਪੂਰਾ ਅਤੇ ਉਸ ਤੋਂ ਬਾਅਦ ਬਹਬਿਲ ਕਲਾਂ/ਬਾਜਾਖਾਨਾ ’ਚ ਵਾਪਰੀਆਂ ਘਟਨਾਵਾਂ ਦੇ ਤੱਥ ਇਕ-ਦੂਜੇ ਨਾਲ ਜੁੜੇ ਹੋਣ ਦਾ ਪਤਾ ਲੱਗਾ ਹੈ। ਪੰਜਾਬ ਹਰਿਆਣਾ ਹਾਈ ਕੋਰਟ ’ਚ ਸੌਂਪੀ ਗਈ ਰਿਪੋਰਟ ’ਚ ਸਿਟ ਦੇ ਚੇਅਰਮੈਨ ਆਈਜੀ ਨੌਨਿਹਾਲ ਸਿੰਘ ਨੇ ਕਿਹਾ ਕਿ ਟੀਮ ਨੂੰ ਕੇਸ ਇਕ-ਦੂਜੇ ਨਾਲ ਜੁੜੇ ਹੋਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਸਾਬਕਾ ਆਈਜੀ ਅਤੇ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅਰਜ਼ੀ ਦੇ ਕੇ ਮਾਮਲੇ ’ਚ ਦਖ਼ਲ ਦੀ ਇਜਾਜ਼ਤ ਮੰਗੀ ਹੈ। ਜਸਟਿਸ ਰਾਜ ਮੋਹਨ ਸਿੰਘ ਨੇ ਕੇਸ ਦੀ ਸੁਣਵਾਈ 24 ਮਈ ਲਈ ਨਿਰਧਾਰਤ ਕਰ ਦਿੱਤੀ ਹੈ। ਬੈਂਚ ਅੱਗੇ ਪੇਸ਼ 16 ਪੰਨਿਆਂ ਦੀ ਰਿਪੋਰਟ ’ਚ ਨੌਨਿਹਾਲ ਸਿੰਘ ਨੇ ਕਿਹਾ ਹੈ ਕਿ ਪੁਲੀਸ ਅਧਿਕਾਰੀਆਂ ਪਰਮਰਾਜ ਸਿੰਘ ਉਮਰਾਨੰਗਲ, ਗੁਰਦੀਪ ਸਿੰਘ ਅਤੇ ਹੋਰਾਂ ਦੀ ਕੋਟਕਪੂਰਾ/ਬਹਬਿਲ ਕਲਾਂ ’ਚ ਮੌਜੂਦਗੀ ਇਕ-ਦੂਜੀ ਘਟਨਾ ਨਾਲ ਜੁੜੀ ਹੋਈ ਹੈ।