ਜਸਵੰਤ ਜੱਸ
ਫਰੀਦਕੋਟ, 22 ਜੂਨ
ਬਹਬਿਲ ਗੋਲੀ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਕਜ ਮੋਟਰਜ਼ ਦੇ ਮਾਲਕ ਪੰਕਜ ਬਾਂਸਲ ਨੂੰ ਕੁਝ ਪੁਲੀਸ ਅਧਿਕਾਰੀਆਂ ਨੇ ਦੋਸਤੀ ਦੇ ਨਾਮ ’ਤੇ ਗੱਡੀ ਉੱਪਰ ਨਾਜਾਇਜ਼ ਲਾਲ ਬੱਤੀ ਲਾਉਣ ਦੀ ਖੁੱਲ੍ਹ ਦਿੱਤੀ ਹੋਈ ਸੀ। ਪੰਕਜ ਪੰਜਾਬ ਪੁਲੀਸ ਦੇ ਇੱਕ ਦਰਜਨ ਉੱਚ ਅਧਿਕਾਰੀਆਂ ਦਾ ਕਰੀਬੀ ਸੀ ਅਤੇ ਇਹ ਦੋਸਤੀ ਪੰਕਜ ਨੂੰ ਕਾਫ਼ੀ ਮਹਿੰਗੀ ਪਈ। ਫ਼ਰੀਦਕੋਟ ’ਚ ਆਪਣੇ ਵਪਾਰਕ ਦਿਨਾਂ ਵਿੱਚ ਪੰਕਜ ਸਭ ਤੋਂ ਪਹਿਲਾਂ ਐੱਸ.ਪੀ.ਬਿਕਰਮ ਸਿੰਘ ਦੇ ਸੰਪਰਕ ਵਿੱਚ ਆਇਆ ਜੋ ਬਹਬਿਲ ਗੋਲੀ ਕਾਂਡ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਹੈ। ਡੀਟੀਓ ਦਫ਼ਤਰ ਫ਼ਰੀਦਕੋਟ ਦੇ ਇੱਕ ਏਜੰਟ ਅਤੇ ਐੱਸ.ਪੀ.ਬਿਕਰਮ ਰਾਹੀਂ ਪੰਕਜ ਦਾ ਉੱਚ ਪੁਲੀਸ ਅਧਿਕਾਰੀਆਂ ਨਾਲ ਰਾਬਤਾ ਬਣਿਆ। ਇਸੇ ਦੇ ਚੱਲਦਿਆਂ ਉਸ ਨੂੰ ਇੱਕ ਪੁਲੀਸ ਅਧਿਕਾਰੀ ਨੇ ਵਿਦੇਸ਼ੀ ਰਿਵਾਲਵਰ ਵੀ ਲੈ ਕੇ ਦਿੱਤਾ ਜੋ ਬਾਅਦ ਵਿੱਚ ਗੈਰਕਾਨੂੰਨੀ ਨਿੱਕਲਿਆ। ਪੰਕਜ ਬਾਂਸਲ ਨਾਲ ਦੋਸਤੀ ਦਾ ਫਾਇਦਾ ਉਠਾਉਂਦਿਆਂ ਇੱਕ ਪੁਲੀਸ ਅਧਿਕਾਰੀ ਨੇ ਮਹਿੰਗੀ ਗੱਡੀ ਖਰੀਦ ਕੇ ਬਾਅਦ ਵਿੱਚ ਉਸ ਨੂੰ ਪੈਸੇ ਨਹੀਂ ਦਿੱਤੇ। ਇਸੇ ਤਰ੍ਹਾਂ ਇੱਥੋਂ ਦੀਆਂ ਕਚਹਿਰੀਆਂ ਵਿੱਚ ਟਰਾਂਸਪੋਰਟ ਸਬੰਧੀ ਦਸਤਾਵੇਜ਼ਾਂ ਦਾ ਕੰਮ ਕਰਦੇ ਏਜੰਟ ਨੇ ਨਵੀਂ ਸਵਿਫ਼ਟ ਕਾਰ ਲੈ ਕੇ ਕੋਈ ਪੈਸਾ ਨਹੀਂ ਦਿੱਤਾ। ਇਨ੍ਹਾਂ ਦੋਸਤੀਆਂ ਤੇ ਲਿਹਾਜ਼ਦਾਰੀਆਂ ਕਰਕੇ ਪੰਕਜ ਦੀਆਂ ਫਰੀਦਕੋਟ, ਜੈਤੋ ਅਤੇ ਨਿਹਾਲ ਸਿੰਘ ਵਾਲਾ ਵਿਚਲੀਆਂ ਕਾਰ ਏਜੰਸੀਆਂ ਕੁਝ ਸਾਲਾਂ ਵਿੱਚ ਹੀ ਬੰਦ ਹੋ ਗਈਆਂ। ਪੰਕਜ ਨੂੰ ਇਸ ਤੋਂ ਪਹਿਲਾਂ ਆਮਦਨ ਕਰ ਵਿਭਾਗ ਵੱਲੋਂ 5 ਕਰੋੜ ਰੁਪਏ ਦਾ ਜੁਰਮਾਨਾ ਹੋ ਚੁੱਕਾ ਹੈ।
ਸ਼ਰਮਾ ਏਜੰਟ ਗਰੁੱਪ ਵੱਲੋਂ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਫਰੀਦਕੋਟ ਵਿੱਚ ਕਰੋੜਾਂ ਰੁਪਏ ਦਾ ਟੈਕਸ ਚੋਰੀ ਕੀਤਾ ਗਿਆ ਜਿਸ ਵਿੱਚ ਪੰਕਜ ਦੀ ਏਜੰਸੀ ’ਚੋਂ ਆਈਆਂ ਗੱਡੀਆਂ ਦਾ ਟੈਕਸ ਵੀ ਸ਼ਾਮਿਲ ਹੈ ਪਰ ਉੱਚ ਪੁਲੀਸ ਅਧਿਕਾਰੀਆਂ ਦੀ ਸ਼ਹਿ ਹੋਣ ਕਾਰਨ ਵਿਜੀਲੈਂਸ ਬਿਓਰੋ ਨੇ ਵੀ ਟੈਕਸ ਚੋਰਾਂ, ਏਜੰਟਾਂ ਅਤੇ ਏਜੰਸੀ ਮਾਲਕਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਹੁਣ ਇਸ ਮਾਮਲੇ ਦੀ ਪੜਤਾਲ ਐੱਸਡੀਐਮ ਫ਼ਰੀਦਕੋਟ ਵੱਲੋਂ ਕੀਤੀ ਜਾ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਬਹਬਿਲ ਗੋਲੀ ਕਾਂਡ ਵਿੱਚ ਪੰਕਜ ਨਾਲ ਜੁੜੇ ਕੁਝ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਵੀ ਜਤਾਈ ਹੈ। ਪੰਕਜ ਨੇ ਅਦਾਲਤ ਨੂੰ ਕਿਹਾ ਹੈ ਕਿ ਉਸ ਨੂੰ ਇਸ ਕੇਸ ਵਿੱਚ ਸਾਜਿਸ਼ ਤਹਿਤ ਝੂਠਾ ਫਸਾਇਆ ਗਿਆ ਹੈ।