ਜਸਵੰਤ ਜੱਸ
ਫ਼ਰੀਦਕੋਟ, 21 ਅਗਸਤ
ਬਹਬਿਲ ਗੋਲੀ ਕਾਂਡ ਵਿਚ ਦੋ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਪੰਕਜ ਮੋਟਰਜ਼ ਦੇ ਮਾਲਕ ਪੰਕਜ ਬਾਂਸਲ ਅਤੇ ਸੁਹੇਲ ਸਿੰਘ ਬਰਾੜ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਇਨ੍ਹਾਂ ਦੋਹਾਂ ਨੂੰ ਬਹਬਿਲ ਗੋਲੀ ਕਾਂਡ ਤੋਂ ਬਾਅਦ ਨਿਹੱਥੇ ਲੋਕਾਂ ਉੱਪਰ ਗੋਲੀਆਂ ਚਲਾਉਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਬਚਾਉਣ ਲਈ ਝੂਠੀ ਗਵਾਹੀ ਤਿਆਰ ਕਰਨ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੰਕਜ ਬਾਂਸਲ ਜ਼ਮਾਨਤ ਮਿਲਣ ਦੇ ਬਾਵਜੂਦ ਜੇਲ੍ਹ ਵਿੱਚੋਂ ਰਿਹਾਅ ਨਹੀਂ ਹੋ ਸਕੇਗਾ ਕਿਉਂਕਿ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਨੇ ਪੰਕਜ ਨੂੰ ਵਿਦੇਸ਼ੀ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਅੱਜ ਹੁਸ਼ਿਆਰਪੁਰ ਜੇਲ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਸੰਤ ਪ੍ਰਕਾਸ਼ ਨੇ ਜ਼ਮਾਨਤ ਦੇ ਹੁਕਮ ਵਿੱਚ ਕਿਹਾ ਹੈ ਕਿ 14 ਅਕਤੂਬਰ 2015 ਨੂੰ ਬਹਬਿਲ ਗੋਲੀ ਕਾਂਡ ਵੇਲੇ ਪੰਜ-ਛੇ ਸੌ ਲੋਕਾਂ ਦਾ ਇਕੱਠ ਸੀ ਜਿੱਥੇ ਦੋ ਵਿਅਕਤੀਆਂ ਦਾ ਕਤਲ ਹੋਇਆ। ਹਾਲ ਦੀ ਘੜੀ ਇਸ ਘਟਨਾ ਲਈ ਇਕੱਲੀ ਪੁਲੀਸ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਵਿਦੇਸ਼ੀ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਕਜ ਬਾਂਸਲ ਨੂੰ ਅੱਜ ਇੱਥੇ ਡਿਊਟੀ ਮੈਜਿਸਟਰੇਟ ਅਮਨੀਦਪ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ। ਕਰਾਈਮ ਕੰਟਰੋਲ ਯੂਨਿਟ ਨੇ ਪੰਕਜ ਨੂੰ ਅਦਾਲਤ ਦੀ ਮਨਜ਼ੂਰੀ ਨਾਲ ਅੱਜ ਹੁਸ਼ਿਆਰਪੁਰ ਦੀ ਜੇਲ੍ਹ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਹੈ। ਸਾਲ 2014 ਵਿੱਚ ਪੰਕਜ ਬਾਂਸਲ, ਸਤੀਸ਼ ਕੁਮਾਰ, ਭੁਪਿੰਦਰ ਸਿੰਘ, ਰੋਹਿਤ ਛਾਬੜਾ ਅਤੇ ਅਮਿਤ ਗੋਇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਨ੍ਹਾਂ ਸਾਰਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਇਨ੍ਹਾਂ ’ਤੇ ਸਾਜ਼ਿਸ਼ ਤਹਿਤ ਵਿਦੇਸ਼ੀ ਹਥਿਆਰ ਖਰੀਦਣ ਤੇ ਗੈਂਗਸਟਰਾਂ ਨੂੰ ਮੁਹੱਈਆ ਕਰਵਾਉਣ ਦੇ ਦੋਸ਼ ਸਨ।