ਜਸਵੰਤ ਜੱਸ
ਫ਼ਰੀਦਕੋਟ, 9 ਸਤੰਬਰ
ਬਹਬਿਲ ਗੋਲੀ ਕਾਂਡ ਦੀ ਸੁਣਵਾਈ ਕਰ ਰਹੀ ਅਦਾਲਤ ਨੇ ਆਦੇਸ਼ ਦਿੱਤੇ ਹਨ ਕਿ ਵਿਸ਼ੇਸ਼ ਜਾਂਚ ਟੀਮ ਦੇ ਪ੍ਰਮੁੱਖ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਭਲਕੇ ਅਦਾਲਤ ਸਾਹਮਣੇ ਨਿੱਜੀ ਤੌਰ ’ਤੇ ਪੇਸ਼ ਹੋਣ। ਭਲਕੇ ਅਦਾਲਤ ਨੇ ਬਹਬਿਲ ਗੋਲੀ ਕਾਂਡ ਦੇ ਮੁੱਖ ਮੁਲਜ਼ਮਾਂ ਵਿੱਚੋਂ ਇਕ ਇੰਸਪੈਕਟਰ ਪ੍ਰਦੀਪ ਸਿੰਘ ਦੇ ਵਾਅਦਾ ਮੁਆਫ਼ ਗਵਾਹ ਬਣਨ ਮੁੱਦੇ ’ਤੇ ਫੈਸਲਾ ਕਰਨਾ ਹੈ। ਇਸ ਤੋਂ ਇਲਾਵਾ ਇੰਸਪੈਕਟਰ ਪ੍ਰਦੀਪ ਸਿੰਘ ਵੱਲੋਂ ਇਲਾਕਾ ਮੈਜਿਸਟਰੇਟ ਸਾਹਮਣੇ ਬਹਬਿਲ ਗੋਲੀ ਕਾਂਡ ਦੀ ਸੱਚਾਈ ਬਾਰੇ ਦਿੱਤੇ ਬਿਆਨ ਦੀ ਨਕਲ ਵੀ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪੀ ਜਾਣੀ ਹੈ। ਸੂਤਰਾਂ ਅਨੁਸਾਰ ਸ਼ਿਕਾਇਤ ਕਰਤਾ ਧਿਰ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਇੰਸਪੈਕਟਰ ਪ੍ਰਦੀਪ ਸਿੰਘ ਦੇ ਬਿਆਨ ਦੀ ਨਕਲ ਮੰਗੀ ਹੈ। ਇਸ ਤੋਂ ਇਲਾਵਾ ਹੋਰ ਧਿਰਾਂ ਨੇ ਵੀ ਅਦਾਲਤ ਵਿੱਚ ਅਰਜ਼ੀ ਦੇ ਕੇ ਬਿਆਨਾਂ ਦੀ ਨਕਲ ਜਾਰੀ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੇ ਪ੍ਰਦੀਪ ਸਿੰਘ ਦੇ ਵਾਅਦਾ ਮੁਆਫ਼ ਗਵਾਹ ਬਣਨ ਦਾ ਵਿਰੋਧ ਕੀਤਾ ਹੈ। ਬਹਬਿਲ ਗੋਲੀ ਕਾਂਡ ਵਿੱਚ ਪੁਲੀਸ ਦੀ ਗੋਲੀ ਨਾਲ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ ਭਰਾ ਰੇਸ਼ਮ ਸਿੰਘ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਉਸ ਦਾ ਪੱਖ ਸੁਣਨ ਦੀ ਮੰਗ ਕੀਤੀ ਹੈ। ਰੇਸ਼ਮ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਬਹਬਿਲ ਗੋਲੀ ਕਾਂਡ ਦਾ ਚਸ਼ਮਦੀਦ ਹੈ ਅਤੇ ਪੜਤਾਲ ਦੌਰਾਨ 25 ਅਗਸਤ 2017 ਨੂੰ ਪੁਲੀਸ ਨੇ ਉਸ ਦਾ ਬਿਆਨ ਵੀ ਲਿਖਿਆ ਸੀ ਪਰ ਪੁਲੀਸ ਨੇ ਉਸ ਨੂੰ ਮਾਮਲੇ ਵਿੱਚ ਗਵਾਹ ਵਜੋਂ ਸ਼ਾਮਿਲ ਨਹੀਂ ਕੀਤਾ। ਅਦਾਲਤ ਇਸ ਸਾਰੇ ਮਾਮਲੇ ਬਾਰੇ ਵੀਰਵਾਰ ਨੂੰ ਸਾਰੀਆਂ ਧਿਰਾਂ ਦਾ ਪੱਖ ਸੁਣੇਗੀ।
ਹਥਿਆਰ ਤਸਕਰੀ: ਮੁਲਜ਼ਮਾਂ ਨੂੰ 23 ਸਤੰਬਰ ਤੱਕ ਜੇਲ੍ਹ ਭੇਜਿਆ
ਵਿਦੇਸ਼ੀ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਦੋ ਰੋਜ਼ਾ ਪੁਲੀਸ ਰਿਮਾਂਡ ਖਤਮ ਹੋਣ ਤੋਂ ਬਾਅਦ ਇਲਾਕਾ ਮੈਜਿਸਟਰੇਟ ਨੇ ਪੰਕਜ ਬਾਂਸਲ ਅਤੇ ਸਤੀਸ਼ ਕੁਮਾਰ ਨੂੰ 23 ਸਤੰਬਰ ਤੱਕ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਇਨ੍ਹਾਂ ਦੋਵਾਂ ਉੱਪਰ ਕਥਿਤ ਤੌਰ ’ਤੇ ਗ਼ੈਰਕਾਨੂੰਨੀ ਤਰੀਕੇ ਨਾਲ ਵਿਦੇਸ਼ੀ ਹਥਿਆਰ ਖ਼ਰੀਦਣ ਅਤੇ ਬਾਅਦ ਵਿੱਚ ਫ਼ਰਜ਼ੀ ਦਸਤਾਵੇਜ਼ਾਂ ਦੇ ਅਧਾਰ ’ਤੇ ਹਥਿਆਰਾਂ ਨੂੰ ਆਪਣੇ ਨਾਂ ਕਰਵਾਉਣ ਦੇ ਦੋਸ਼ ਹਨ।