ਬੀਐਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 17 ਮਾਰਚ
ਖਾਲਸਾ ਪੰਥ ਦਾ ਕੌਮੀ ਤਿਉਹਾਰ ਅੱਜ ਪੂਰੇ ਖਾਲਸਈ ਜਾਹ-ਜਲਾਲ ਨਾਲ ਸ੍ਰੀ ਆਨੰਦਪੁਰ ਸਾਹਿਬ ਵਿੱਚ ਸ਼ੁਰੂ ਹੋ ਗਿਆ। ਇਸ ਮੌਕੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਆਰੰਭ ਕੀਤਾ ਗਿਆ ਅਤੇ ਪੂਰਾ ਸ਼ਹਿਰ ਖਾਲਸਈ ਰੰਗ ’ਚ ਰੰਗਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹੋਲੇ ਮਹੱਲੇ ਦਾ ਤਿਉਹਾਰ ਸ੍ਰੀ ਆਨੰਦਪੁਰ ਸਾਹਿਬ ਵਿੱਚ 17 ਤੋਂ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਤਖ਼ਤ ਕੇਸਗੜ੍ਹ ਸਾਹਿਬ ਵਿਖੇ ਅੱਜ ਜਥੇਦਾਰ ਰਘਬੀਰ ਸਿੰਘ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਆਰੰਭ ਹੋਏ।
ਇਸ ਮੌਕੇ ਨਿਰਮਲ ਭੇਖ ਪੰਚਾਇਤੀ ਅਖਾੜਾ ਹਰਿਦੁਆਰ, ਨਿਰਮਲ ਭੇਖ ਗੁਰਮਤਿ ਪ੍ਰਚਾਰ ਮੰਡਲ ਅਤੇ ਸੰਤ ਸਮਾਜ ਵੱਲੋਂ ਗੁਰਦੁਆਰਾ ਟਿੱਬਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ, ਜੋ ਤਖ਼ਤ ਕੇਸਗੜ੍ਹ ਸਾਹਿਬ ਪਹੁੰਚ ਕੇ ਸੰਪੂਰਨ ਹੋਇਆ। ਨਗਰ ਕੀਰਤਨ ਦੀ ਆਰੰਭਤਾ ਤਖ਼ਤ ਕੇਸਗੜ੍ਹ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਨੇ ਅਰਦਾਸ ਕਰਕੇ ਕੀਤੀ। ਇਸ ਮੌਕੇ ਨਗਰ ਕੀਰਤਨ ’ਚ ਸ਼ਾਮਲ ਮਹਾਪੁਰਸਾਂ ਅਤੇ ਪੰਥਕ ਸ਼ਖ਼ਸੀਅਤਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਅਤੇ ਪਤਿਤਪੁਣੇ ਦਾ ਤਿਆਗ ਕਰ ਕੇ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਆਚਰਣ ਦੇ ਧਾਰਨੀ ਬਣਨ।
ਸ਼੍ਰੋਮਣੀ ਕਮੇਟੀ ਨੇ ਸੁੰਦਰੀਕਰਨ ਦੇ ਕੰਮ ਸ਼ੁਰੂ ਕਰਵਾਏ
ਕੌਮੀ ਤਿਉਹਾਰ ਹੋਲੇ ਮਹੱਲੇ ਮੌਕੇ ਅਰਬਾਂ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਤਖ਼ਤ ਕੇਸਗੜ੍ਹ ਸਾਹਿਬ ਦੇ ਸੁੰਦਰੀਕਰਨ ਦੇ ਕਾਰਜ ਸ਼ੁਰੂ ਕਰਵਾਏ ਗਏ। ਜਥੇਦਾਰ ਰਘਬੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਟੱਕ ਲਗਾ ਕੇ ਕੰਮ ਸ਼ੁਰੂ ਕਰਵਾਇਆ। ਸ੍ਰੀ ਧਾਮੀ ਨੇ ਦੱਸਿਆ ਕਿ 23 ਸਾਲਾਂ ਬਾਅਦ ਮੁੜ ਸੁੰਦਰੀਕਰਨ ਦੇ ਕਾਰਜ ਆਰੰਭੇ ਗਏ ਹਨ। ਇਨ੍ਹਾਂ ਕਾਰਜਾਂ ਤਹਿਤ ਤਖ਼ਤ ਕੇਸਗੜ੍ਹ ਸਾਹਿਬ ਦੇ ਪ੍ਰਬੰਧਕੀ ਬਲਾਕ ਦਾ ਨਿਰਮਾਣ, ਜੋੜਾ ਘਰ ਤੇ ਗਠੜੀ ਘਰ ਦਾ ਨਿਰਮਾਣ, ਜਥੇਦਾਰ ਦੀ ਰਿਹਾਇਸ਼, ਸਰੋਵਰ ਤੋਂ ਆਉਂਦੇ ਰਾਹ ’ਤੇ ਦਰਸ਼ਨੀ ਡਿਓਢੀ, ਸੰਗਤ ਲਈ ਲਿਫਟਾਂ ਲਾਉਣੀਆਂ, ਪੁਰਾਣੀਆਂ ਇਮਾਰਤਾਂ ਦਾ ਨਵੀਂਨੀਕਰਨ, ਤਖ਼ਤ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਮੰਜੀ ਸਾਹਿਬ ਨੂੰ ਆਪਸ ਵਿੱਚ ਜੋੜਨਾ ਤੇ ਮੰਜੀ ਸਾਹਿਬ ਤੋਂ ਸੀਸਗੰਜ ਸਾਹਿਬ ਤੱਕ ਪੁਲ ਦਾ ਨਿਰਮਾਣ ਸ਼ਾਮਲ ਹੈ।