ਜਸਵੰਤ ਜੱਸ
ਫ਼ਰੀਦਕੋਟ, 15 ਮਾਰਚ
ਬਾਸਕਟਬਾਲ ਦੇ ਕੌਮੀ ਖਿਡਾਰੀ ਤੋਂ ਵਿਧਾਇਕ ਬਣੇ ਗੁਰਦਿੱਤ ਸਿੰਘ ਸੇਖੋਂ ਆਪਣੇ ਹਲਕੇ ਵਿੱਚ ਲੋਕਾਂ ਲਈ ਕੰਮ ਕਰਨ ਵਾਸਤੇ ਦੋ ਸਾਲ ਪਹਿਲਾਂ ਹੀ ਅਮਰੀਕਾ ਦੀ ਪੀਆਰ ਛੱਡ ਕੇ ਵਾਪਸ ਆ ਗਏ ਸਨ।
ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਜਿੱਤ ਹਾਸਲ ਕਰਨ ਵਾਲੇ ਗੁਰਦਿੱਤ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਪਤਨੀ ਬੇਅੰਤ ਕੌਰ ਸੇਖੋਂ ਕੋਲ ਅਮਰੀਕਾ ਦੀ ਪੀਆਰ ਹੈ। ਅਮਰੀਕਾ ਦੀ ਸਰਕਾਰ ਨੇ ਉਨ੍ਹਾਂ ਨੂੰ ਤਿੰਨ ਸਾਲ ਪਹਿਲਾਂ ਗਰੀਨ ਕਾਰਡ ਜਾਰੀ ਕੀਤਾ ਸੀ ਪਰ ਇਹ ਦੋਵੇਂ ਪਤੀ-ਪਤਨੀ ਇਲਾਕੇ ਦੀ ਸੇਵਾ ਲਈ ਅਮਰੀਕਾ ਛੱਡ ਕੇ ਫਰੀਦਕੋਟ ਆ ਗਏ।
ਗੁਰਦਿੱਤ ਸਿੰਘ ਸੇਖੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਮਰੀਜ਼ਾਂ ਨੂੰ ਦੋ ਵੇਲੇ ਦਾ ਮੁਫ਼ਤ ਖਾਣਾ ਦੇਣ ਤੋਂ ਇਲਾਵਾ ਬਾਸਕਟਬਾਲ ਕੋਰਟ ਵਿੱਚ ਬੱਚਿਆਂ ਨੂੰ ਸਿਖਲਾਈ ਵੀ ਦਿੰਦੇ ਹਨ। ਸ਼ੂਗਰ ਮਿੱਲ ਦਾ ਜੰਗਲ ਬਚਾਉਣ ਲਈ ਗੁਰਦਿੱਤ ਸਿੰਘ ਸੇਖੋਂ ਨੇ ਹੀ ਪਹਿਲ ਕੀਤੀ ਸੀ, ਜਿਸ ਸਦਕਾ ਅੱਜ 100 ਕਿੱਲ੍ਹਿਆਂ ਦਾ ਜੰਗਲ ਆਬਾਦ ਖੜ੍ਹਾ ਹੈ। ਫ਼ਰੀਦਕੋਟ ’ਚੋਂ ਇਕ ਲੜਕੀ ਨੂੰ ਦਿਨ ਦਿਹਾੜੇ ਅਗਵਾ ਕਰਨ ਦਾ ਮਾਮਲਾ ਵੀ ਇਸੇ ਆਗੂ ਨੇ ਚੁੱਕਿਆ ਸੀ ਅਤੇ ਇਸ ਤੋਂ ਬਾਅਦ ਫ਼ਰੀਦਕੋਟ ’ਚੋਂ ਅਗਵਾ ਹੋਏ ਦੋ ਦਰਜਨ ਤੋਂ ਵੱਧ ਬੱਚੇ ਲੱਭਣ ਲਈ ਹੋਰ ਜਥੇਬੰਦੀਆਂ ਨਾਲ ਰਲ ਕੇ ਸੰਘਰਸ਼ ਲੜਿਆ ਸੀ।
ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਹ ਫ਼ਰੀਦਕੋਟ ਵਿੱਚ ਰਹਿ ਕੇ ਹੀ ਲੋਕਾਂ ਲਈ ਕੰਮ ਕਰਨਗੇ। ਗੁਰਦਿੱਤ ਸਿੰਘ ਦੀ ਬੇਟੀ ਸਿਮਰਨ ਸੇਖੋਂ, ਬੇਟਾ ਅਨਮੋਲ ਸਿੰਘ, ਪਿਤਾ ਅੰਗਰੇਜ਼ ਸਿੰਘ ਤੇ ਮਾਤਾ ਬਲਜੀਤ ਕੌਰ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ’ਚ ਰਹਿੰਦੇ ਹਨ।
ਗੁਰੂ ਗੋਬਿੰਦ ਸਿੰਘ ਕਾਲਜ ਨੂੰ ਸਭ ਤੋਂ ਵਧੀਆ ਹਸਪਤਾਲ ਬਣਾਉਣ ਦਾ ਅਹਿਦ
ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਗੁਰਦਿੱਤ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਪਤਨੀ ਬੇਅੰਤ ਕੌਰ ਸੇਖੋਂ ਨੇ ਸਰਕਾਰੀ ਦਫ਼ਤਰਾਂ ਵਿੱਚ ਡੇਰੇ ਲਾਏ ਹੋਏ ਹਨ। ਬੇਅੰਤ ਕੌਰ ਨੇ ਕਿਹਾ ਕਿ ਮਾਲਵੇ ਦੇ ਦਸ ਜ਼ਿਲ੍ਹਿਆਂ ਨੂੰ ਸਿਹਤ ਸਹੂਲਤਾਂ ਦੇਣ ਲਈ ਸਥਾਪਤ ਕੀਤੇ ਗਏ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਮਾਲਵੇ ਦਾ ਸਭ ਤੋਂ ਵਧੀਆ ਹਸਪਤਾਲ ਬਣਾਉਣ ਲਈ ਉਹ ਪੱਕੇ ਤੌਰ ’ਤੇ ਹਸਪਤਾਲ ਵਿੱਚ ਡਟ ਗਏ ਹਨ। ਇਸ ਵਿੱਚ ਸੁਧਾਰ ਕਰ ਕੇ ਹੀ ਉਹ ਅੱਗੇ ਤੁਰਨਗੇ।