ਖੇਤਰੀ ਪ੍ਰਤੀਨਿਧ
ਪਟਿਆਲਾ, 6 ਮਈ
ਪੰਜਾਬ ਵਿਚਲੇ ਸਰਕਾਰੀ ਮੈਡੀਕਲ ਕਾਲਜਾਂ ਦੇ ਹਸਪਤਾਲਾਂ ਅਤੇ ਜ਼ਿਲ੍ਹਾ ਹਸਪਤਾਲਾਂ ਸਮੇਤ ਬਠਿੰਡਾ ਤੇ ਮੁਹਾਲੀ ਦੇ ਆਰਜ਼ੀ ਹਸਪਤਾਲਾਂ ਵਿੱਚ ਕਰੋਨਾ ਪੀੜਤਾਂ ਲਈ ਜਲਦੀ ਹੀ 2000 ਬੈੱਡ ਹੋਰ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਅੱਜ ਇਥੇ ਰਾਜਿੰਦਰਾ ਹਸਪਤਾਲ ’ਚ ਕਰੋਨਾ ਮਰੀਜ਼ਾਂ ਦੇ ਇਲਾਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਪੀ ਸੋਨੀ ਨੇ ਦਿੱਤੀ। ਰਾਜਿੰਦਰਾ ਹਸਪਤਾਲ ਵਿੱਚ ਮਰੀਜ਼ਾਂ ਦੀ ਮੌਤ ਦਰ ਦਾ ਅੰਕੜਾ ਵਧਣ ’ਤੇ ਮੰਤਰੀ ਨੇ ਤਰਕ ਦਿੱਤਾ ਕਿ ਮਰੀਜ਼ਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਆਉਣਾ ਵੀ ਇਸ ਦਾ ਕਾਰਨ ਹੈ। ਉਨ੍ਹਾਂ ਲੋਕਾਂ ਨੂੰ ਸਮੇਂ ਸਿਰ ਟੈਸਟ ਕਰਵਾਉਣ ਦੀ ਅਪੀਲ ਕੀਤੀ।
ਮੰਤਰੀ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿੱਚ ਆਕਸੀਜਨ ਦੀ ਪਾਈਪਸ਼ੁਦਾ ਲੈਵਲ-2 ਦੇ ਕੋਵਿਡ ਕੇਅਰ ’ਚ ਸਵਾ-ਸਵਾ ਸੌ ਬੈੱਡ ਵਧਾਏ ਜਾ ਰਹੇ ਹਨ ਅਤੇ ਆਕਸੀਜਨ ਦੀ ਨਿਰਵਿਘਨ ਸਪਲਾਈ ਲਈ ਦੋ ਮੈਨੀਫੋਲਡਾਂ ਸਮੇਤ 20 ਹਜ਼ਾਰ ਲਿਟਰ ਦੀ ਸਮਰੱਥਾ ਵਾਲਾ ਆਕਸੀਜਨ ਟੈਂਕ ਵੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ 30 ਆਕਸੀਜਨ ਜੈਨਰੇਟਰ ਪਹੁੰਚ ਗਏ ਹਨ ਅਤੇ ਵੱਡੇ ਤੇ ਛੋਟੇ ਹਜ਼ਾਰ-ਹਜ਼ਾਰ ਸਿਲੰਡਰ ਵੀ ਜਲਦੀ ਖਰੀਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਰਸਿੰਗ ਸਟਾਫ਼ ਤੇ ਦਰਜਾ ਚਾਰ ਅਮਲੇ ’ਚ ਦੋ-ਦੋ ਸੌ ਦੀ ਭਰਤੀ ਵੀ ਜਲਦੀ ਕੀਤੀ ਜਾ ਰਹੀ ਹੈ।