ਪੱਤਰ ਪ੍ਰੇਰਕ
ਤਲਵਾੜਾ, 2 ਮਈ
ਕੇਂਦਰੀ ਊਰਜਾ ਮੰਤਰਾਲੇ ਦੇ ਹੁਕਮਾਂ ’ਤੇ ਬੀਬੀਐੱਮਬੀ ਪ੍ਰਸ਼ਾਸਨ ਨੇ ਤਲਵਾੜਾ ਸਥਿਤ ਹਸਪਤਾਲ ਤੋਂ ਸੀਨੀਅਰ ਡਾ. ਅਮਰਜੀਤ ਸਿੰਘ ਅਤੇ ਨੰਗਲ ਤੋਂ ਪੈਰਾ ਮੈਡੀਕਲ ਸਟਾਫ ਮੈਂਬਰ ਅਸ਼ੋਕ ਕੁਮਾਰ ਨੂੰ ਦਸ ਦਿਨ ਲਈ ਨਵੀਂ ਦਿੱਲੀ ਦੇ ਬਦਰਪੁਰ ਵਿੱਚ ਬਣੇ ਕੋਵਿਡ ਸਿਹਤ ਕੇਂਦਰ ’ਚ ਤਾਇਨਾਤ ਕਰ ਦਿੱਤਾ ਹੈ। ਇਨ੍ਹਾਂ ਵੱਲੋਂ ਦਿੱਲੀ ’ਚ ਕਰੋਨਾ ਪਾਜ਼ੇਟਿਵ ਆਏ ਬੀਬੀਐੱਮਬੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਇਲਾਜ ਕੀਤਾ ਜਾਵੇਗਾ। ਪੰਜਾਬ ਸਟੇਟ ਕਰਮਚਾਰੀ ਜਥੇਬੰਦੀ ਦੇ ਪ੍ਰਧਾਨ ਵਿਜੈ ਕੁਮਾਰ, ਚੇਅਰਮੈਨ ਰਾਜੇਸ਼ ਕੁਮਾਰ ਅਤੇ ਜਨਰਲ ਸਕੱਤਰ ਹੁਸਨ ਲਾਲ ਨੇ ਇਸ ਫ਼ੈਸਲੇ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਬੀਬੀਐੱਮਬੀ ਹਸਪਤਾਲ ਤਲਵਾੜਾ ਅਤੇ ਨੰਗਲ ’ਚ ਪਹਿਲਾਂ ਹੀ ਸਟਾਫ਼ ਦੀ ਕਮੀ ਹੈ। ਉਨ੍ਹਾਂ ਕੇਂਦਰ ਸਰਕਾਰ ਅਤੇ ਬੀਬੀਐੱਮਬੀ ਪ੍ਰਸ਼ਾਸਨ ਨੂੰ ਇਹ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।