ਸ਼ਗਨ ਕਟਾਰੀਆ
ਬਠਿੰਡਾ, 20 ਜਨਵਰੀ
ਸਾਂਝਾ ਪੰਜਾਬ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਅੱਜ ਪਹਿਲੀ ਸੂਚੀ ਜਾਰੀ ਕਰਦਿਆਂ 15 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।
ਪਾਰਟੀ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਰਾਜੇਆਣਾ, ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੌਹਾਨ ਅਤੇ ਸਕੱਤਰ ਜਨਰਲ ਸੁਰਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਖਰੜ ਤੋਂ ਸਰਪੰਚ ਕੁਲਵਿੰਦਰ ਸਿੰਘ ਪੜੌਲ, ਦਿੜਬਾ ਤੋਂ ਨਿਰਮਲ ਸਿੰਘ ਪਰੋਚਾ (ਐੱਮਏਐੱਮਫ਼ਿਲ), ਜਗਰਾਓਂ ਤੋਂ ਸੁਰਿੰਦਰ ਸਿੰਘ ਸਹੋਤਾ, ਬਠਿੰਡਾ (ਦਿਹਾਤੀ) ਤੋਂ ਡਾ. ਜਸਵਿੰਦਰ ਸਿੰਘ ਬੰਗੀ, ਸਰਦੂਲਗੜ੍ਹ ਤੋਂ ਵੈਦ ਬਿਕਰਮਜੀਤ ਸਿੰਘ ਫੱਤਾ ਮਾਲੋਕਾ, ਮੌੜ ਤੋਂ ਹਰਦੇਵ ਸਿੰਘ ਬੱਗੜ, ਬੱਲੂਆਣਾ ਤੋਂ ਮਨਜੀਤ ਸਿੰਘ ਵਜੀਦਪੁਰ, ਅੰਮ੍ਰਿਤਸਰ (ਉੱਤਰੀ) ਤੋਂ ਸਤਿਨਾਮ ਸਿੰਘ ਬਾਗੀ, ਭਦੌੜ ਤੋਂ ਭਗਵੰਤ ਸਿੰਘ ਸਮਾਓਂ, ਅੰਮ੍ਰਿਤਸਰ (ਦੱਖਣੀ) ਤੋਂ ਮਲਕੀਅਤ ਸਿੰਘ ਖਾਲਸਾ, ਬਾਘਾ ਪੁਰਾਣਾ ਤੋਂ ਪ੍ਰਗਟ ਸਿੰਘ ਰਾਜੇਆਣਾ, ਮਹਿਲ ਕਲਾਂ ਤੋਂ ਮਨਦੀਪ ਸਿੰਘ ਸਹੋਤਾ, ਬਠਿੰਡਾ (ਸ਼ਹਿਰੀ) ਤੋਂ ਚੰਦ ਸਿੰਘ ਗਿਆਨਾ ਅਤੇ ਰਾਮਪੁਰਾ ਤੋਂ ਡਾ. ਦਲਜੀਤ ਸਿੰਘ ਚੌਹਾਨ ਨੂੰ ਚੋਣ ਦੰਗਲ ’ਚ ਉਤਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦਾ ਮਨੋਰਥ ਹੋਵੇਗਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢ ਕੇ ‘ਨਵੇਂ ਪੰਜਾਬ’ ਦੀ ਸਿਰਜਣਾ ਹੋਵੇਗਾ। ਇਸ ਤੋਂ ਇਲਾਵਾ ਸੂਬੇ ਨੂੰ ਕਾਰਪੋਰੇਟਾਂ ਦੇ ਹੱਥਾਂ ’ਚੋਂ ਕੱਢ ਕੇ ਆਮਦਨ ਵਾਲੇ ਸਰੋਤਾਂ ਤੋਂ ਸੂਬੇ ਦਾ ਖ਼ਜ਼ਾਨਾ ਭਰਿਆ ਜਾਵੇਗਾ। ਵਿਧਾਇਕਾਂ ਦੀ ਤਨਖਾਹ ਸਿਰਫ 40 ਹਜ਼ਾਰ ਰੁਪਏ ਮਾਸਿਕ ਕੀਤੀ ਜਾਵੇਗੀ ਅਤੇ ਉਸ ਨੂੰ ਇਕ ਸੁਰੱਖਿਆ ਕਰਮਚਾਰੀ ਮਿਲੇਗਾ। ਸਰਕਾਰੀ ਸਿਹਤ ਸਹੂਲਤਾਂ ਨੂੰ ਬਿਹਤਰ ਬਣਾ ਕੇ ਮੁਫ਼ਤ ਕੀਤਾ ਜਾਵੇਗਾ। ਪਹਿਲੀ ਤੋਂ ਲੈ ਕੇ ਉੱਚ ਵਿੱਦਿਆ ਵਿਦਿਆਰਥੀਆਂ ਨੂੰ ਮੁਫ਼ਤ ਦਿੱਤੀ ਜਾਵੇਗੀ। ਬੇਜ਼ਮੀਨਿਆਂ ਨੂੰ ਪੰਜ ਲੱਖ ਤੱਕ ਦਾ ਕਰਜ਼ਾ ਬਗ਼ੈਰ ਗਾਰੰਟੀ ਤੋਂ ਦਿੱਤਾ ਜਾਵੇਗਾ। ਪੰਜਾਬੀਆਂ ਸਿਰ ਚੜ੍ਹੇ ਸਰਕਾਰੀ ਤੇ ਨਿੱਜੀ ਕਰਜ਼ੇ ਮੁਆਫ਼ ਕੀਤੇ ਜਾਣਗੇ। ਇਸ ਮੌਕੇ ਪਾਰਟੀ ਦੇ ਆਗੂ ਪ੍ਰੀਤਮ ਸਿੰਘ ਕੋਟਗੁਰੂ, ਰੇਸ਼ਮ ਸਿੰਘ, ਤੇਜਾ ਸਿੰਘ ਤੇ ਮਨਜੀਤ ਕੌਰ ਹਾਜ਼ਰ ਸਨ।