ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 15 ਸਤੰਬਰ
11 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਖ਼ਿਲਾਫ਼ ਦਿੱਤੇ ਸੱਦੇ ’ਤੇ ਅੱਜ ਇੱਥੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ ਅਤੇ ਆੜ੍ਹਤੀਆਂ ਨੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਦੋ ਘੰਟੇ ਚੱਕਾ ਜਾਮ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫ਼ਤਿਹਗੜ੍ਹ ਭਾਦਸੋਂ, ਜਨਰਲ ਸਕੱਤਰ ਰਣ ਸਿੰਘ ਚੱਠਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਵਤਾਰ ਸਿੰਘ ਗੁਰਬਖਸ਼ਪੁਰਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਸੂਬਾ ਸਕੱਤਰ ਮਲਕੀਤ ਸਿੰਘ ਲਖਮੀਰਵਾਲਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਬਨਭੌਰਾ ਅਤੇ ਇੰਡੀਅਨ ਫਾਰਮਰ ਐਸ਼ੋਸੀਏਸ਼ਨ ਦੇ ਸੂਬਾ ਜਨਰਲ ਹਰਦੇਵ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਆਰਡੀਨੈਂਸਾਂ ਕਾਰਨ ਪੰਜਾਬ ਦੀ ਕਿਸਾਨੀ, ਜਵਾਨੀ, ਆੜਤੀਏ ਅਤੇ ਸਮੁੱਚੀ ਆਰਥਿਕਤਾ ਤਬਾਹ ਹੋ ਜਾਵੇਗੀ । ਇਸ ਮੌਕੇ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਗੁਰਤੇਜ ਸਿੰਘ ਝਨੇੜੀ, ਪੱਲੇਦਾਰ ਯੂਨੀਅਨ ਦੇ ਰਾਮ ਸਿੰਘ ਮੱਟਰਾਂ ,ਆਪ ਦੇ ਦਿਨੇਸ਼ ਬਾਸ਼ਲ, ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਸਕੱਤਰ ਸੁਨੀਲ ਕੁਮਾਰ ਦਿੜਬਾ, ਰਾਜ ਸਿੰਘ ਖਾਲਸਾ ਸਮੇਤ ਕਈ ਆਗੂਆਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਟੱਲੇਵਾਲ(ਲਖਵੀਰ ਸਿੰਘ ਚੀਮਾ): ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਨੈਸ਼ਨਲ ਹਾਈਵੇ ਜਾਮ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਬਰਨਾਲਾ ਜ਼ਿਲ੍ਹੇ ਦੇ ਵਿੱਚ ਦੋ ਮਾਰਗਾਂ ਨੂੰ ਜਾਮ ਕੀਤਾ ਗਿਆ ਹੈ। ਪਿੰਡ ਚੀਮਾ ਨੇੜੇ ਟੌਲ ਪਲਾਜ਼ੇ ‘ਤੇ ਬਰਨਾਲਾ-ਮੋਗਾ ਰੋਡ ਜਾਮ ਕਰਕੇ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਲੱਖੋਵਾਲ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਸਿਕੰਦਰ ਸਿੰਘ ਮਾਨ, ਬਲਵਿੰਦਰ ਸਿੰਘ ਦੁੱਗਲ, ਜਸਵੀਰ ਸਿੰਘ ਸੁਖਪੁਰਾ, ਸਿੱਧੂਪੁਰ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲਵਾਂ ਨੇ ਕਿਹਾ ਕਿ ਇਹ ਆਰਡੀਨੈਂਸ ਕਿਸਾਨਾਂ ਲਈ ਜਿਉਣ ਮਰਨ ਦਾ ਸਵਾਲ ਹਨ ਅਤੇ ਜਿੰਨਾ ਸਮਾਂ ਇਹ ਆਰਡੀਨੈਂਸ ਰੱਦ ਨਹੀਂ ਹੁੰਦੇ ਉਹ ਆਪਣਾ ਸੰਘਰਸ਼ ਖਤਮ ਨਹੀਂ ਕਰਨਗੇ।
ਫਗਵਾੜਾ(ਜਸਬੀਰ ਸਿੰਘ ਚਾਨਾ): ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜੀਟੀ ਰੋਡ ਉੱਤੇ ਸ਼ੂਗਰ ਮਿਲ ਚੌਕ ਵਿੱਚ ਧਰਨਾ ਲਗਾ ਕੇ ਦੋ ਘੰਟਿਆਂ ਲਈ ਆਵਾਜਾਈ ਠੱਪ ਕਰ ਦਿੱਤੀ ਗਈ। ਕਿਸਾਨ ਆਗੂਆਂ ਨੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਆਪਣੀ ਭੜਾਸ ਕੱਢ ਕੇ ਖੇਤੀ ਆਰਡੀਨੈਂਸਾਂ ਨੂੰ ਵਾਪਸ ਕਰਨ ਦੀ ਮੰਗ ਕੀਤੀ।
ਸਿਰਸਾ (ਪ੍ਰਭੂ ਦਿਆਲ): ਖੇਤੀ ਸੰਬਧੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਇਥੇ ਮਿੰਨੀ ਸਕੱਤਰੇਤ ਵਿੱਚ ਧਰਨਾ ਅੱਜ ਨੌਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਆਪਣੇ ਅੰਦੋਲਨ ਨੂੰ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰੱਖਣ ਦਾ ਅਹਿਦ ਲਿਆ। ਅਖਿਲ ਭਾਰਤੀ ਸਵਾਮੀਨਾਥਨ ਸੰਘਰਸ਼ ਸਮਿਤੀ ਦੇ ਪ੍ਰਧਾਨ ਵਿਕਲ ਪਚਾਰ ਨੇ ਕਿਹਾ ਹੈ ਕਿ 6 ਸਤੰਬਰ ਨੂੰ ਉਨ੍ਹਾਂ ਦਾ ਸੰਗਠਨ ਹਰਿਆਣਾ ਦੇ ਬਿਜਲੀ ਤੇ ਜੇਲ੍ਹ ਮੰਤਰੀ ਰਣਜੀਤ ਸਿੰਘ ਦੇ ਘਰ ਦਾ ਘੇਰਾਓ ਕਰੇਗਾ।
ਖੰਨਾ(ਜੋਗਿੰਦਰ ਸਿੰਘ ਓਬਰਾਏ): ਅੱਜ ਸਮੂਹ ਕਿਸਾਨ, ਆੜ੍ਹਤੀ ਤੇ ਮਜ਼ਦੂਰ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਖੰਨਾ ਵਿੱਚ ਜਰਨੈਲੀ ਸੜਕ ਅਤੇ ਨਾਲ ਲੱਗਦੀਆਂ ਸਰਵਿਸ ਸੜਕਾਂ ਦੀ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਆਵਾਜਾਈ ਠੱਪ ਕੀਤੀ ਗਈ। ਜਿਸ ਕਾਰਨ ਸੜਕਾਂ ਤੇ ਦੋਵੇਂ ਪਾਸੇ ਵੱਡੇ ਪੱਧਰ ਤੇ ਜਾਮ ਲੱਗ ਗਏ। ਇਸ ਮੌਕੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਬਲਦੇਵ ਸਿੰਘ ਮੀਆਂਪੁਰ, ਜਸਵੰਤ ਸਿੰਘ ਬੀਜਾ, ਰਾਜਿੰਦਰ ਸਿੰਘ ਕੋਟ ਪਨੈਚ, ਆੜ੍ਹਤੀ ਆਗੂ ਹਰਬੰਸ ਸਿੰਘ ਰੋਸ਼ਾ, ਗੁਰਦੀਪ ਸਿੰਘ ਰਸੂਲੜਾ, ਯਾਦਵਿੰਦਰ ਸਿੰਘ ਲਬਿੜਾ ਨੇ ਕਿਹਾ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਹੱਕ ਮਾਰ ਕੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥ ਮਜ਼ਬੂਤ ਕਰ ਰਹੇ ਹਨ। ਕਿਸਾਨ ਜੱਥੇਬੰਦੀਆਂ ਵੱਲੋਂ ਲੰਗਰ ਅਤੇ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਹਰਜੀਤ ਸਿੰਘ ਗਰੇਵਾਲ, ਕਸ਼ਮੀਰਾ ਸਿੰਘ, ਨਿਰਮਲ ਸਿੰਘ ਬੈਨੀਪਾਲ, ਮੁਖਤਿਆਰ ਸਿੰਘ, ਪ੍ਰਗਟ ਸਿੰਘ ਪਨੈਚ, ਜਗਤਾਰ ਸਿੰਘ ਕੁਲਾਰ, ਰਣਯੋਧ ਸਿੰਘ ਸ਼ੇਰਗਿੱਲ, ਜਗਪ੍ਰੀਤ ਸਿੰਘ ਮਾਨ ਨੇਆਪਣੇ ਵਿਚਾਰ ਰੱਖੇ।
ਬਠਿੰਡਾ(ਸ਼ਗਨ ਕਟਾਰੀਆ): ਖੇਤੀ ਸੈਕਟਰ ਨਾਲ ਜੁੜੇ ਤਿੰਨ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਅੱਜ 11 ਕਿਸਾਨ ਜਥੇਬੰਦੀਆਂ ਵੱਲੋਂ ‘ਰਸਤਾ ਰੋਕੋ’ ਪ੍ਰੋਗਰਾਮ ਤਹਿਤ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹ ਰਾਹ-54 ’ਤੇ ਧਰਨੇ ਲਾਏ ਗਏ। ਬਠਿੰਡਾ ਜ਼ਿਲ੍ਹੇ ’ਚ ਇਹ ਧਰਨੇ ਪਿੰਡ ਜੀਦਾ ਨੇੜੇ ਟੋਲਾ ਪਲਾਜ਼ਾ ਕੋਲ ਅਤੇ ਬਠਿੰਡਾ ਸ਼ਹਿਰ ਦੇ ਬਾਹਰਵਾਰ ਥਰਮਲ ਪਲਾਂਟ ਦੀਆਂ ਝੀਲਾਂ ਕੋਲ ਭਾਈ ਘਨੱਈਆ ਚੌਕ ’ਚ ਲਾਏ ਗਏ। ਵਿਖਾਵਾਕਾਰੀ ਕਿਸਾਨਾਂ ਨੇ ਖੇਤੀ ਆਰਡੀਨੈਂਸਾਂ ਨੂੰ ਕਿਸਾਨੀ ਲਈ ‘ਮੌਤ ਦੇ ਵਾਰੰਟ’ ਗਰਦਾਨਿਆ। ਧਰਨੇ ਵਿਚ ਕਾਕਾ ਸਿੰਘ ਕੋਟੜਾ, ਰਾਮਕਰਨ ਸਿੰਘ, ਸਰਮੁਖ ਸਿੰਘ ਸਮੇਤ ਬਹੁਤ ਸਾਰੇ ਆਹਲਾ ਕਿਸਾਨ ਆਗੂ ਹਾਜ਼ਰ ਸਨ।ਧਰਨਾ ਲੱਗਾ ਹੋਣ ਕਰਕੇ ਟ੍ਰੈਫ਼ਿਕ ਪੁਲੀਸ ਵੱਲੋਂ ਬਠਿੰਡਾ ਤੋਂ ਜੈਤੋ, ਬਾਜਾਖਾਨਾ, ਮਲੋਟ, ਡੱਬਵਾਲੀ, ਮੁਕਤਸਰ, ਰਾਮਪੁਰਾ, ਮਾਨਸਾ, ਤਲਵੰਡੀ ਸਾਬੋ ਸ਼ਹਿਰਾਂ ਨੂੰ ਆਉਣ-ਜਾਣ ਵਾਲੀਆਂ ਗੱਡੀਆਂ ਲਈ ਬਦਲਵੇਂ ਰਸਤਿਆਂ ਦਾ ਇੰਤਜ਼ਾਮ ਕੀਤਾ ਗਿਆ।
ਰਈਆ(ਦਵਿੰਦਰ ਸਿੰਘ ਭੰਗੂ): ਤਿੰਨ ਖੇਤੀ ਆਰਡੀਨੈਂਸਾਂ ਵਿਰੁੱਧ ਧਰਨਾ ਅੱਜ ਬਿਆਸ ਪੁਲ ’ਤੇ ਦੂਸਰੇ ਦਿਨ ਧਰਨਾ ਜਾਰੀ ਰਿਹਾ। ਕਿਸਾਨ ਆਗੂਆਂ ਨੇ ਸੜਥ ਜਾਮ ਕਰਨ ਲਈ ਆਮ ਲੋਕਾਂ ਪਾਸੋਂ ਮੁਆਫ਼ੀ ਵੀ ਮੰਗੀ। ਅੱਜ ਦੂਸਰੇ ਦਿਨ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਡੀ ਗਿਣਤੀ ਵਿਚ ਆੜ੍ਹਤੀਆ ਨੇ ਧਰਨੇ ਵਾਲੀ ਜਗਾ ਆ ਕੇ ਕਿਸਾਨਾਂ ਦਾ ਸਮਰਥਨ ਕੀਤਾ। ਇਸ ਮੌਕੇ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿਧਵਾਂ ਨੇ ਕਿਹਾ ਕਿ ਆਮ ਲੋਕਾਂ ਦੀ ਖੱਜਲ ਖ਼ੁਆਰੀ ਲਈ ਮੁਆਫ਼ੀ ਚਾਹੁੰਦੇ ਹਾਂ। ਦੇਸ਼ ਤੇ ਪੰਜਾਬ ਦੀ ਖੇਤੀ ਬਚਾਉਣ ਲਈ ਕੁਝ ਤਕਲੀਫ਼ ਜ਼ਰੂਰ ਹੋਵੇਗੀ ਪਰ ਕੇਂਦਰ ਸਰਕਾਰ ਵਲੋ ਇਹ ਕਾਨੂੰਨ ਪਾਸ ਹੋਣ ਨਾਲ ਸਦੀਆਂ ਭਰ ਦੀ ਤਕਲੀਫ਼ ਸਹਿਣੀ ਪਵੇਗੀ। ਧਰਨੇ ਵਿੱਚ ਦਲ ਖ਼ਾਲਸਾ ਅੰਮ੍ਰਿਤਸਰ, ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂ ਅੰਮ੍ਰਿਤਸਰ, ਜੰਡਿਆਲਾ ਗੁਰੂ ਮਜੀਠਾ, ਰਈਆ ਮੰਡੀ ਅਤੇ ਪੱਲੇਦਾਰ ਯੂਨੀਅਨਾਂ ਵੱਲੋਂ ਰਾਜਨ ਵਰਮਾ ਅਤੇ ਰਾਜੀਵ ਕੁਮਾਰ ਭੰਡਾਰੀ ਪ੍ਰਧਾਨ ਰਈਆ ਮੰਡੀ,ਅਮਨਦੀਪ ਸਿੰਘ ਛੀਨਾ ਪ੍ਰਧਾਨ ਮੰਡੀ ਭਗਤਾਂ ਵਾਲਾ, ਮਨਜਿੰਦਰ ਸਿੰਘ ਸਰਜਾ ਪ੍ਰਧਾਨ ਮੰਡੀ ਜੰਡਿਆਲਾ ਗੁਰੂ ,ਰਾਕੇਸ਼ ਕੁਮਾਰ ਤੁਲੀ ਪੰਜਾਬ ਪ੍ਰਧਾਨ ਪੱਲੇਦਾਰ ਯੂਨੀਅਨ ਦੀ ਅਗਵਾਈ ਵਿੱਚ ਵੱਡੇ ਜਥਿਆਂ ਨਾਲ ਪਹੁੰਚ ਕੇ ਖੇਤੀ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਲਖਵਿੰਦਰ ਸਿੰਘ ਵਰਿਆਮ,ਜਰਮਨਜੀਤ ਸਿੰਘ ਬੰਡਾਲਾ,ਧੰਨਾ ਸਿੰਘ ਲਾਲੂ ਘੁੰਮਣ,ਸਤਵਿੰਦਰ ਸਿੰਘ ਸ਼ਾਹ, ਗੁਰਜੀਤ ਸਿੰਘ ਗੰਢੀ ਵਿੰਡ, ਜਰਨੈਲ ਸਿੰਘ ਨੂਰਦੀ, ਸਤਨਾਮ ਸਿੰਘ ਖਹਿਰਾ ,ਨਿਰਮਲ ਸਿੰਘ ਸਿਧਵਾਂ, ਰਾਜ ਸਿੰਘ ਤਾਜ਼ੇ ਚੱਕ, ਸਾਹਿਬ ਸਿੰਘ ਕੱਕੜ, ਕਿਰਪਾਲ ਸਿੰਘ ਕਲੇਰ ਮਾਂਗਟ, ਚਰਨ ਸਿੰਘ ਕਲੇਰ ਗੁਮਾਨ, ਮੁਖਬੈਨ ਸਿੰਘ ਜੋਧਾ ਨਗਰੀ ਅਤੇ ਆੜ੍ਹਤੀ ਬਲਦੇਵ ਸਿੰਘ ਬੋਦੇ ਵਾਲ,ਰਾਜੇਸ਼ ਟਾਂਗਰੀ ਸੈਕਟਰੀ, ਸੁਰਿੰਦਰ ਕੁਮਾਰ ,ਜੈਮਲ ਸਿੰਘ, ਰਵਿੰਦਰ ਕੁਮਾਰ ਤ੍ਰੇਹਨ, ਮਾਸਟਰ ਅਜੀਤ ਸਿੰਘ ,ਗੁਰਪਿੰਦਰ ਸਿੰਘ ਮਜੀਠਾ ਜਨ: ਸਕੱਤਰ, ਅਨੂਪ ਸਿੰਘ,ਪ੍ਰਭਦਿਆਲ ਸਿੰਘ ਮਜੀਠਾ ਮੰਡੀ ਨੇ ਸੰਬੋਧਨ ਕੀਤਾ।
ਫਾਜ਼ਿਲਕਾ(ਪਰਮਜੀਤ ਸਿੰਘ):ਕਿਸਾਨਾਂ ਨੇ ਅੱਜ ਫਾਜ਼ਿਲਕਾ-ਅਬੋਹਰ ਰੋਡ ‘ਤੇ ਪਿੰਡ ਰਾਮਪੁਰਾ ਦੇ ਨੇੜੇ ਦੁਪਹਿਰ 12 ਤੋਂ ਬਾਅਦ ਦੁਪਹਿਰ 2 ਵਜੇ ਤੱਕ ਆਵਾਜਾਈ ਮੁਕੰਮਲ ਤੌਰ ‘ਤੇ ਠੱਪ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਚੱਕਪੱਖੀ, ਬੂਟਾ ਸਿੰਘ, ਰਵਿੰਦਰ ਕੁਮਾਰ, ਮਨਪ੍ਰੀਤ ਸੰਧੂ, ਨਿਸ਼ਾਨ ਸਿੰਘ, ਯਾਦਵਿੰਦਰ ਸਿੰਘ, ਕੁਲਦੀਪ ਸਿੰਘ, ਜੋਗਿੰਦਰ ਸਿੰਘ, ਗੁਰਭੇਜ ਸਿੰਘ, ਕਸ਼ਮੀਰ ਸਿੰਘ, ਲਖਵਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਹੋਰਨਾਂ ਆਗੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਖੇਤੀ ਆਰਡੀਨੈਂਸ ਰੱਦ ਕੀਤੇ ਜਾਣ।