ਸ਼ਗਨ ਕਟਾਰੀਆ
ਬਠਿੰਡਾ, 10 ਮਾਰਚ
ਬਠਿੰਡਾ (ਸ਼ਹਿਰੀ) ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਸ਼ਹਿਰ ’ਚ ਚੰਗਾ ਜਨ-ਆਧਾਰ ਹੈ। ਕੁਝ ਅਰਸਾ ਪਹਿਲਾਂ ਕਾਂਗਰਸ ਪਾਰਟੀ ਵਿੱਚੋਂ ਕੌੜੇ ਤਜਰਬੇ ਲੈ ਕੇ ‘ਆਪ’ ਵਿੱਚ ਸ਼ਾਮਲ ਹੋਏ ਗਿੱਲ ਬਾਰੇ ਸ਼ਾਇਦ ਮਨਪ੍ਰੀਤ ਬਾਦਲ ਨੇ ਵੀ ਅੰਦਾਜ਼ਾ ਨਾ ਲਾਇਆ ਹੋਵੇ ਕਿ ਉਹ ਸੱਜਰਾ ਸ਼ਰੀਕ ਬਣ ਕੇ ਇਕ ਦਿਨ ਸਿਆਸੀ ਭੁਆਟਣੀ ਖੁਆਵੇਗਾ।
ਕਈ ਦਹਾਕਿਆਂ ਤੋਂ ਰਾਜਨੀਤੀ ਨਾਲ ਜੁੜੇ ਜਗਰੂਪ ਗਿੱਲ ਨਗਰ ਕੌਂਸਲ ਬਠਿੰਡਾ ਦੇ ਪ੍ਰਧਾਨ, ਇੰਪਰੂਵਮੈਂਟ ਟਰੱਸਟ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੋਂ ਇਲਾਵਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਦੀ ਸੱਜੀ ਬਾਂਹ ਬਣ ਕੇ ਚੋਣ ਮੁਹਿੰਮ ਚਲਾਈ। ਉਦੋਂ ਸ੍ਰੀ ਬਾਦਲ ਕਰੀਬ 20 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੇ ਸਨ। ਸੂਤਰਾਂ ਅਨੁਸਾਰ ਲੰਘੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸ੍ਰੀ ਗਿੱਲ ਨੂੰ ਸੰਕੇਤ ਦਿੱਤੇ ਗਏ ਕਿ ਉਹ ਕੌਂਸਲਰ ਵਜੋਂ ਚੋਣ ਲੜਨ ਤਾਂ ਕਿ ਉਨ੍ਹਾਂ ਨੂੰ ਮੇਅਰ ਬਣਾਇਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨੀ ਤਿਆਗ ਕੇ ਚੋਣ ਲੜੀ ਤੇ ਸੱਤਵੀਂ ਵਾਰ ਕੌਂਸਲਰ ਚੁਣੇ ਗਏ। ਅਪਰੈਲ, 2021 ਵਿੱਚ ਮੇਅਰ ਚੁਣਨ ਦੀ ਵਾਰੀ ਮੌਕੇ ਉਹ ਖ਼ਤਾ ਖਾ ਗਏ ਕਿਉਂਕਿ ਵਾਅਦਾ ਕਰਨ ਵਾਲਿਆਂ ਦਾ ਮਨ ਬਦਲ ਚੁੱਕਾ ਸੀ ਅਤੇ ਉਨ੍ਹਾਂ ਇਕ ਵੱਡੇ ਕਾਰੋਬਾਰੀ ਘਰਾਣੇ ਨਾਲ ਸਬੰਧਤ ਕਾਂਗਰਸੀ ਆਗੂ ਸੰਦੀਪ ਗੋਇਲ ਦੀ ਪਤਨੀ ਰਮਨ ਗੋਇਲ ਦੇ ਸਿਰ ਇਹ ਤਾਜ ਸਜਾ ਦਿੱਤਾ। ਦਲੀਲ ਇਹ ਦਿੱਤੀ ਗਈ ਕਿ ਨਗਰ ਨਿਗਮ ਵਿੱਚ 50 ਫੀਸਦੀ ਕੋਟਾ ਬੀਬੀਆਂ ਦਾ ਹੈ। ਆਖ਼ਰ ਅਗਸਤ, 2021 ਵਿੱਚ ਉਨ੍ਹਾਂ ਕਾਂਗਰਸ ਨੂੰ ‘ਫ਼ਤਹਿ’ ਬੁਲਾਈ ਅਤੇ ‘ਆਪ’ ਦਾ ਪੱਲਾ ਫੜ੍ਹ ਲਿਆ। ਉਨ੍ਹਾਂ ਵਿੱਤ ਮੰਤਰੀ ਵੱਲੋਂ ਚੋਣਾਂ ਮੌਕੇ ਕੀਤੇ ਵਾਅਦਿਆਂ ਦੀ ਖ਼ਿਲਾਫ਼ਤ ਨੂੰ ਜ਼ੋਰਦਾਰ ਢੰਗ ਨਾਲ ਉਜਾਗਰ ਕਰਦਿਆਂ ‘ਆਪ’ ਦੀ ਮਜ਼ਬੂਤੀ ਲਈ ਜੀਅ ਤੋੜ ਕੰਮ ਕੀਤਾ।
ਉਨ੍ਹਾਂ ਸਹਿਯੋਗੀਆਂ ਦੀ ਇਕਮਿੱਕਤਾ ਨਾਲ ਨਿੱਠ ਕੇ ਚੋਣ ਮੁਹਿੰਮ ਨੂੰ ਚਲਾਇਆ ਅਤੇ ਇਸ ਮਿਸ਼ਨ ਵਿੱਚ ਨੇੜਲੇ ਵਿਰੋਧੀ ਮਨਪ੍ਰੀਤ ਸਿੰਘ ਬਾਦਲ ਨੂੰ 63,581 ਵੋਟਾਂ ਨਾਲ ਪਛਾੜਿਆ।
ਡੇਰਾ ਮੁਖੀ ਦਾ ਕੁੜਮ ਨੌਵੇਂ ਸਥਾਨ ’ਤੇ
ਕਾਂਗਰਸ ਪਾਰਟੀ ਵੱਲੋਂ ਟਿਕਟ ਮਿਲਣ ਤੋਂ ਨਾਰਾਜ਼ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਹਲਕਾ ਤਲਵੰਡੀ ਸਾਬੋ ਤੋਂ ਚੋਣ ਲੜਨ ਵਾਲੇ ਡੇਰਾ ਸਿਰਸਾ ਦੇ ਮੁਖੀ ਦੇ ਕੁੜਮ ਹਰਮੰਦਰ ਸਿੰਘ ਜੱਸੀ 12623 ਵੋਟਾਂ ਲੈ ਕੇ 9ਵੇਂ ਸਥਾਨ ’ਤੇ ਰਹੇ। ਜ਼ਿਕਰਯੋਗ ਹੈ ਕਿ ਹਰਿਆਣਾ ਨਾਲ ਖਹਿੰਦੇ ਇਸ ਖੇਤਰ ’ਚ ਡੇਰਾ ਸਿਰਸਾ ਦੇ ਸ਼ਰਧਾਲੂਆਂ ਦੀ ਚੋਖੀ ਗਿਣਤੀ ਹੈ। ਸ੍ਰੀ ਜੱਸੀ ਦੇ ਪੱਖ ’ਚ ਪ੍ਰਚਾਰ ਲਈ ਇਥੇ ਪੰਜਾਬ ਭਰ ’ਚੋਂ ਡਿਊਟੀਆਂ ਤਹਿਤ ਆਏ ਡੇਰਾ ਪ੍ਰੇਮੀ ਕਾਫੀ ਸਰਗਰਮ ਸਨ।