ਹਰਜੀਤ ਸਿੰਘ ਪਰਮਾਰ
ਬਟਾਲਾ, 4 ਮਈ
ਨੇੜਲੇ ਪਿੰਡ ਸਦਾਰੰਗ ਵਿੱਚ ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਮਨਪ੍ਰੀਤ ਸਿੰਘ (24) ਵਾਸੀ ਪਿੰਡ ਸਦਾਰੰਗ ਵਜੋਂ ਹੋਈ ਹੈ। ਥਾਣਾ ਰੰਗੜ ਨੰਗਲ ਦੇ ਮੁਖੀ ਅਵਤਾਰ ਸਿੰਘ ਪੁਲੀਸ ਪਾਰਟੀ ਸਣੇ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ। ਮ੍ਰਿਤਕ ਦੇ ਪਿਤਾ ਸ਼ਿਵੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਕੰਬਾਈਨ ‘ਤੇ ਕੰਮ ਕਰਦਾ ਸੀ ਤੇ ਕੱਲ੍ਹ ਸ਼ਾਮ ਨੂੰ ਹੀ ਕੰਮ ਤੋਂ ਘਰ ਵਾਪਸ ਆਇਆ ਸੀ। ਦੇਰ ਸ਼ਾਮ ਉਹ ਘਰੋਂ ਕਿਧਰੇ ਚਲਾ ਗਿਆ ਅਤੇ ਰਾਤ ਨੂੰ ਕਰੀਬ ਸਾਢੇ 9 ਵਜੇ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਦੱਸਿਆ ਕਿ ਉਸ ਦਾ ਲੜਕਾ ਪਿੰਡ ਦੇ ਬਾਹਰ ਸੜਕ ‘ਤੇ ਬੇਸੁੱਧ ਹਾਲਤ ‘ਚ ਡਿੱਗਿਆ ਹੈ। ਉਹ ਤੁਰੰਤ ਮੌਕੇ ‘ਤੇ ਪਹੁੰਚੇ ਤਾਂ ਉਸ ਦੇ ਲੜਕੇ ਦੀ ਮੌਤ ਹੋ ਚੁੱਕੀ ਸੀ ਤੇ ਸਰਿੰਜ ਉਸ ਦੇ ਕੋਲ ਸੀ।