ਦਲਬੀਰ ਸੱਖੋਵਾਲੀਆ
ਬਟਾਲਾ, 17 ਜਨਵਰੀ
ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਲਈ ਇਹ ਚੋਣਾਂ ਉਸ ਦੇ ਸਿਆਸੀ ਜੀਵਨ ਦਾ ਇੱਕ ਤਰ੍ਹਾਂ ਨਾਲ ਆਖ਼ਰੀ ਦਾਅ ਹੈ ਤੇ ਇਸ ਵਾਰ ਮਿਲੀ ਹਾਰ-ਜਿੱਤ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਤੈਅ ਕਰੇਗੀ। ਛੋਟੇਪੁਰ ਲਈ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਸੁਖਾਲਾ ਨਹੀਂ ਜਾਪ ਰਿਹਾ ਕਿਉਂਕਿ 2017 ਦੀਆਂ ਚੋਣਾਂ ਵੇਲੇ ਇਲਾਕੇ ’ਚ ‘ਆਪ’ ਦੀ ਸ਼ਲਾਘਾ ਕਰਨ ਵਾਲਾ ਛੋਟੇਪੁਰ ਇਸ ਵਾਰ ਚੋਣ ਸਭਾਵਾਂ ’ਚ ਕਾਂਗਰਸ ਦੇ ਨਾਲ ‘ਆਪ’ ਨੂੰ ਵੀ ਭੰਡ ਰਿਹਾ ਹੈ। ਹਾਲਾਂਕਿ ‘ਆਪ’ ਦੇ ਸੂਬਾ ਕਨਵੀਨਰ ਵੱਜੋਂ ਛੋਟੇਪੁਰ ਨੇ ਆਪਣੇ ਸਿਆਸੀ ਭਵਿੱਖ ਨੂੰ ਸੰਵਾਰਨ ਦਾ ਯਤਨ ਕੀਤਾ ਸੀ, ਪਰ 2017 ਦੀਆਂ ਚੋਣਾਂ ਤੋਂ ਐਨ ਪਹਿਲਾਂ ਉਸ ਨੇ ‘ਆਪਣਾ ਪੰਜਾਬ ਪਾਰਟੀ’ ਬਣਾ ਲਈ। ਛੋਟੇਪੁਰ ਨੂੰ ਟਿਕਟ ਦੇ ਐਲਾਨ ’ਤੇ ਹਲਕੇ ਦੇ ਕਈ ਸੀਨੀਅਰ ਤੇ ਟਕਸਾਲੀ ਪਰਿਵਾਰਾਂ ਨੇ ਸਖ਼ਤ ਰੋਸ ਵੀ ਜਤਾਇਆ ਜਿਨ੍ਹਾਂ ਨੂੰ ਪਾਰਟੀ ਪ੍ਰਧਾਨ ਨੇ ਮਨਾ ਲਿਆ।