ਖੇਤਰੀ ਪ੍ਰਤੀਨਿਧ
ਬਟਾਲਾ, 16 ਅਗਸਤ
ਸਥਾਨਕ ਪੁਲੀਸ ਨੇ ਅੱਜ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਟਰਾਂਜ਼ਿਟ ਰਿਮਾਂਡ ’ਤੇ ਲਿਆ ਕੇ ਬਟਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਪਿਛਲੇ ਸਾਲ ਫਤਿਹਗੜ੍ਹ ਚੂੜ੍ਹੀਆਂ ਵਿੱਚ ਹੋਏ ਸਾਬਕਾ ਗੈਂਗਸਟਰ ਅਤੇ ਪ੍ਰਾਪਰਟੀ ਡੀਲਰ ਸਤਨਾਮ ਸਿੰਘ ਸੱਤੂ ਦੇ ਕਤਲ ਦੇ ਮਾਮਲੇ ਵਿੱਚ ਬਟਾਲਾ ਪੁਲੀਸ ਨੂੰ ਜੱਗੂ ਦਾ 10 ਦਿਨ ਦਾ ਪੁਲੀਸ ਰਿਮਾਂਡ ਦੇ ਦਿੱਤਾ ਹੈ। ਅਦਾਲਤ ਨੇ ਗੈਂਗਸਟਰ ਨੂੰ 26 ਅਗਸਤ ਨੂੰ ਦੁਬਾਰਾ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਬਖਤਰਬੰਦ ਗੱਡੀਆਂ ਦੇ ਕਾਫ਼ਲੇ ਵਿੱਚ ਲਿਆਂਦੇ ਗੈਂਗਸਟਰ ਲਈ ਬਟਾਲਾ ਪੁਲੀਸ ਨੇ ਕਿਸੇ ਵੀਵੀਆਈਪੀ ਵਾਂਗੂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਮੀਡੀਆ ਨੂੰ ਦੂਰ ਰੱਖਿਆ ਗਿਆ। ਦੱਸਣਯੋਗ ਹੈ ਕਿ ਬਟਾਲਾ ਪੁਲੀਸ ਨੇ ਦੋ ਦਿਨ ਪਹਿਲਾਂ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੀ ਇਸੇ ਕਤਲ ਕੇਸ ਵਿੱਚ ਅਦਾਲਤ ਤੋਂ ਅੱਠ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਸੀ। ਸੂਤਰਾਂ ਅਨੁਸਾਰ ਰਿਮਾਂਡ ਦੌਰਾਨ ਗੈਂਗਸਟਰ ਬਿਸ਼ਨੋਈ ਕੋਲੋਂ ਕੀਤੀ ਪੜਤਾਲ ਦੇ ਆਧਾਰ ’ਤੇ ਹੀ ਜੱਗੂ ਭਗਵਾਨਪੁਰੀਆ ਦਾ ਰਿਮਾਂਡ ਲਿਆ ਗਿਆ ਹੈ। ਬਟਾਲਾ ਪੁਲੀਸ ਦੇ ਉੱਚ ਅਧਿਕਾਰੀ ਦੋਵਾਂ ਗੈਂਗਸਟਰਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੜਤਾਲ ਕਰਨਗੇ।
ਮੋਗਾ ਪੁਲੀਸ ਨੇ ਕੀਤੀ ਛੇ ਦਿਨ ਪੜਤਾਲ
ਨਿਹਾਲ ਸਿੰਘ ਵਾਲਾ/ਮੋਗਾ (ਪੱਤਰ ਪ੍ਰੇਰਕ): ਨਗਰ ਕੌਂਸਲ ਮੋਗਾ ਦੇ ਡਿਪਟੀ ਮੇਅਰ ਦੇ ਭਤੀਜੇ ਅਤੇ ਭਰਾ ਉੱਪਰ ਪਿਛਲੇ ਸਾਲ ਹੋਏ ਕਾਤਲਾਨਾ ਹਮਲੇ ਦੇ ਸਬੰਧ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮੋਗਾ ਪੁਲੀਸ ਵੱਲੋਂ ਛੇ ਦਿਨ ਦੇ ਟਰਾਂਜ਼ਿਟ ਰਿਮਾਂਡ ਤੋਂ ਬਾਅਦ ਅੱਜ ਮੋਗਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਬਟਾਲਾ ਟਰਾਂਜ਼ਿਟ ਰਿਮਾਂਡ ਉੱਪਰ ਲੈ ਗਈ ਹੈ। ਇਸ ਮਾਮਲੇ ’ਚ ਮੋਗਾ ਪੁਲੀਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੀ ਰਿਮਾਂਡ ’ਤੇ ਲਿਆ ਚੁੱਕੀ ਹੈ।