ਪੱਤਰ ਪ੍ਰੇਰਕ
ਬੱਸੀ ਪਠਾਣਾਂ, 27 ਅਪਰੈਲ
ਨਗਰ ਕੌਂਸਲ ਨੇ ਬੱਸੀ ਪਠਾਣਾਂ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਹਨ। ਕੌਂਸਲ ਦੇ ਕਾਰਜ ਸਾਧਕ ਅਫਸਰ ਮਨਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਨੋਟਿਸ ਕਾਨੂੰਨ ਦੇ ਮੁਤਾਬਿਕ ਦਿੱਤੇ ਗਏ ਹਨ ਅਤੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਬੱਸੀ ਪਠਾਣਾਂ ਸ਼ਹਿਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਹੋ ਰਹੀਆਂ ਉਸਾਰੀਆਂ ’ਤੇ ਕਈ ਸਵਾਲ ਚੁੱਕੇ ਜਾ ਰਹੇ ਸਨ ਜਿਸ ’ਤੇ ਨਗਰ ਕੌਂਸਲ ਨੇ ਕਾਰਵਾਈ ਕਰਦੇ ਹੋਏ ਨੋਟਿਸ ਜਾਰੀ ਕੀਤੇ ਹਨ। ਨੋਟਿਸ ਪ੍ਰਾਪਤ ਕਰਨ ਵਾਲਿਆਂ ਵਿੱਚ ਇੱਕ ਧਾਰਮਿਕ ਮਿਸ਼ਨ ਦਾ ਡੇਰਾ, ਸਿੱਖਿਅਕ ਅਦਾਰਾ, ਸਮਾਜਸੇਵੀ ਸੰਗਠਨ ਦਾ ਭਵਨ, ਮੌਜੂਦਾ ਨਗਰ ਕੌਂਸਲਰ ਤੋਂ ਇਲਾਵਾ ਹੋਰ ਲੋਕ ਸ਼ਾਮਲ ਹਨ। ਲੋਕਾਂ ਵਿੱਚ ਇਨ੍ਹਾਂ ਨੋਟਿਸਾਂ ਨੂੰ ਲੈ ਕੇ ਚਰਚਾ ਹੈ ਕਿ ਜੇਕਰ ਇਹ ਉਸਾਰੀਆਂ ਨਾਜਾਇਜ਼ ਹੋ ਰਹੀਆਂ ਹਨ ਤਾਂ ਇਨ੍ਹਾਂ ਸਬੰਧਤ ਇਮਾਰਤਾਂ ਦੇ ਨਕਸ਼ੇ ਕਿਵੇਂ ਪਾਸ ਹੋ ਗਏ ਅਤੇ ਇੰਨ੍ਹਾਂ ਇਮਾਰਤਾਂ ਦੀ ਉਸਾਰੀ ਨੂੰ ਪਹਿਲਾਂ ਹੀ ਰੋਕਿਆ ਕਿਉਂ ਨਹੀ ਗਿਆ। ਕੀ ਇਹ ਇਮਾਰਤਾਂ ਨੂੰ ਢਾਹਿਆ ਜਾਵੇਗਾ ਜਾਂ ਜੁਰਮਾਨਾ ਵਸੂਲ ਕਰਕੇ ਮਾਮਲਾ ਖ਼ਤਮ ਕਰ ਦਿੱਤਾ ਜਾਵੇਗਾ। ਸਿਆਸੀ ਹਲਕਿਆਂ ਵਿੱਚ ਇਨ੍ਹਾਂ ਨੋਟਿਸਾਂ ਦੇ ਕਈ ਮਤਲਬ ਕੱਢੇ ਜਾ ਰਹੇ ਹਨ।