ਅਜੇ ਮਲਹੋਤਰਾ
ਬਸੀ ਪਠਾਣਾਂ, 7 ਜਨਵਰੀ
ਬਸੀ ਪਠਾਣਾਂ ਸ਼ਹਿਰ ਵਿੱਚ ਕਰੋਨਾ ਮਹਾਂਮਾਰੀ ਦਾ ਬਲਾਸਟ ਹੋਇਆ ਹੈ। ਬਸੀ ਪਠਾਣਾਂ ਸ਼ਹਿਰ ਦੇ ਸਥਾਨਕ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ 5 ਵਿਦਿਆਰਥੀ, 8 ਅਧਿਆਪਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀਆਂ 4 ਅਧਿਆਪਕਾਂ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਸ ਨਾਲ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਹੈ। ਦੋ ਦਿਨ ਪਹਿਲਾਂ ਲੜਕਿਆਂ ਦੇ ਸਕੂਲ ਦੇ ਪੰਜ ਵਿਦਿਆਰਥੀ ਕਰੋਨਾ ਪਾਜ਼ੇਟਿਵ ਪਾਏ ਗਏ ਸਨ ਅਤੇ ਸਿਹਤ ਵਿਭਾਗ ਵੱਲੋਂ ਅੱਜ ਜਾਰੀ ਕੀਤੀ ਗਈ ਰਿਪੋਰਟ ਮੁਤਾਬਿਕ ਇਸੇ ਸਕੂਲ ਦੇ 8 ਅਧਿਆਪਕ ਅਤੇ ਲੜਕੀਆਂ ਦੇ ਸਕੂਲ ਦੀਆਂ 4 ਅਧਿਆਪਕ ਵੀ ਕਰੋਨਾ ਪਾਜ਼ੇਟਿਵ ਹਨ। ਜਾਣਕਾਰੀ ਅਨੁਸਾਰ ਕਿ ਵਿਦਿਅਕ ਅਦਾਰੇ ਬੰਦ ਹੋਣ ਤੋਂ ਬਾਅਦ ਵੀ ਅਧਿਆਪਕ ਹਰ ਰੋਜ਼ ਸਕੂਲਾਂ ਤੋਂ ਹੀ ਵਿਦਿਆਰਥੀਆਂ ਨੂੰ ਆਨ ਲਾਈਨ ਪੜ੍ਹਾ ਰਹੇ ਹਨ ਅਤੇ ਵਿਦਿਆਰਥੀਆਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਅਧਿਆਪਕਾਂ ਦੇ ਵੀ ਕੋਵਿਡ ਟੈਸਟ ਕੀਤੇ ਗਏ ਸਨ। ਸਿਹਤ ਵਿਭਾਗ ਦੀ ਰਿਪੋਰਟ ਨੇ ਸਕੂਲ ਦੇ ਅਧਿਆਪਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਹਾਲੇ ਵੀ ਅਧਿਆਪਕਾਂ ਨੂੰ ਸਕੂਲ ’ਚ ਆ ਕੇ ਵਿਦਿਆਰਥੀਆਂ ਨੂੰ ਆਨ ਲਾਈਨ ਪੜ੍ਹਾਉਣ ਦੇ ਆਦੇਸ਼ ਜਾਰੀ ਕੀਤੇ ਹੋਏ ਹਨ।