ਪਰਸ਼ੋਤਮ ਬੱਲੀ
ਬਰਨਾਲਾ, 23 ਮਾਰਚ
ਸੰਯੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ’ਤੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਲਗਾਤਾਰ ਸੰਘਰਸ਼ ਦੇ ਅੱਜ ਆਪਣੇ 174ਵੇਂ ਦਿਨ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਮਰਪਿਤ ‘ਸਾਮਰਾਜ ਵਿਰੋਧੀ ਦਿਵਸ’ ਵਜੋਂ ਮਨਾਇਆ ਗਿਆ| ਮੰਚ ਦਾ ਸੰਚਾਲਨ ਤੇ ਬੁਲਾਰਿਆਂ ਦੀ ਜ਼ਿੰਮੇਵਾਰੀ ਵੀ ਨੌਜਵਾਨਾਂ ਕਿਸਾਨਾਂ ਨੇ ਹੀ ਬਾਖੂਬੀ ਸੰਭਾਲੀ| ਰੇਲਵੇ ਸਟੇਸ਼ਨ ਬਰਨਾਲਾ ’ਤੇ ਅੱਜ ਬਸੰਤੀ ਪੱਗਾਂ, ਚੁੰਨੀਆਂ, ਪੱਟੀਆਂ ਬੰਨ੍ਹ ਪੁੱਜੇ ਕਾਫਲਿਆਂ ਹੜ੍ਹ ਆਇਆ ਹੋਇਆ ਸੀ| ਸ਼ਹੀਦੀ ਸਮਾਗਮ ਦੀ ਸ਼ੁਰੂਆਤ ਨੌਜਵਾਨ ਬੇਟੀ ਨਵਜੋਤ ਗੁਲਸ਼ਨ ਦੇ ਸ਼ਰਧਾਂਜਲੀ ਗੀਤ ‘ਚੜ੍ਹਨ ਵਾਲਿਉ ਹੱਕਾਂ ਦੀ ਭੇਂਟ ਉੱਤੇ’ ਨਾਲ ਸ਼ੁਰੂ ਹੋਈ|
ਸਟੇਸ਼ਨ ਤੋਂ ਸ਼ਹੀਦ ਭਗਤ ਸਿੰਘ ਚੌਕ ਤੱਕ ਮਾਰਚ ਦੌਰਾਨ ਇਨਕਲਾਬ-ਜ਼ਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ ਦੇ ਨਾਅਰੇ ਗੂੰਜਦੇ ਰਹੇ। ਬੁਲਾਰੇ ਕੁਲਦੀਪ ਸਿੰਘ ਧੌਲ਼ਾ, ਬਲਵਿੰਦਰ ਸਿੰਘ ਬਿੰਦੂ, ਹਰਸ਼ਦੀਪ ਸਿੰਘ, ਸ਼ਮਸ਼ੇਰ ਸਿੰਘ, ਜਸ਼ਨਪ੍ਰੀਤ ਸਿੰਘ, ਜਸਲੀਨ ਕੌਰ, ਕੇਵਲ ਸਿੰਘ, ਮਹੇਸ਼ ਧੌਲਾ, ਪਰਮਜੀਤ ਕੌਰ ਹਮੀਦੀ, ਦਰਸ਼ਨ ਸਿੰਘ ਉੱਗੋਕੇ, ਅਮਰਜੀਤ ਕੌਰ, ਬਿੱਕਰ ਸਿੰਘ ਔਲਖ, ਮੋਹਣ ਸਿੰਘ ਰੂੜੇਕੇ, ਗੁਰਮੇਲ ਸ਼ਰਮਾ, ਬਲਵੰਤ ਸਿੰਘ ਉੱਪਲੀ ਨੇ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਵਿਚਾਰਧਾਰਾ ਨੂੰ ਪ੍ਰੇਰਨਾ ਸ੍ਰੋਤ ਦੱਸਿਆ। ਬਲਦੇਵ ਮੰਡੇਰ ਅਤੇ ਨਰਿੰਦਰਪਾਲ ਸਿੰਗਲਾ ਨੇ ਲੋਕ ਪੱਖੀ ਇਨਕਲਾਬੀ ਕਵਿਤਾਵਾਂ ਪੇਸ਼ ਕੀਤੀਆਂ |