ਪਰਸ਼ੋਤਮ ਬੱਲੀ
ਬਰਨਾਲਾ, 24 ਜੁਲਾਈ
ਇਥੇ ਰੇਲਵੇ ਸਟੇਸ਼ਨ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਹਿੱਤ ਲੱਗੇ ਧਰਨੇ ਦੌਰਾਨ ਅੱਜ 297ਵੇਂ ਦਿਨ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ (ਮੋਗਾ) ਦੀ ਨਾਟਕ ਟੀਮ ਨੇ ਸਿਆਸੀ ਪਾਰਟੀਆਂ ਦੇ ਦੋਗਲੇਪਣ ਤੇ ਝੂਠੇ ਵਾਅਦਿਆਂ ਨੂੰ ਉਜਾਗਰ ਕਰਦਾ ਨਾਟਕ ‘ਲੀਰਾਂ’ ਪੇਸ਼ ਕੀਤਾ, ਜਿਸ ਨੂੰ ਦਰਸ਼ਕਾਂ ਨੇ ਪੂਰੀ ਇਕਾਗਰਤਾ ਨਾਲ ਦੇਖਿਆ ਤੇ ਸੁਣਿਆ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਨਛੱਤਰ ਸਿੰਘ ਸਾਹੌਰ, ਗੁਰਚਰਨ ਸਿੰਘ ਸੁਰਜੀਤਪੁਰਾ, ਮਨਜੀਤ ਕੌਰ ਖੁੱਡੀ,ਗੋਰਾ ਸਿੰਘ ਢਿਲਵਾਂ ਤੇ ਪ੍ਰੇਮਪਾਲ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਨਵੇਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਲਈ ਹੋਏ ਸਮਾਰੋਹ ਨੇ ਕਾਂਗਰਸੀ ਨੇਤਾਵਾਂ ਦੀਆਂ ਲੋਕ ਵਿਰੋਧੀ ਤਰਜੀਹਾਂ ਨੂੰ ਉਜਾਗਰ ਕੀਤਾ ਹੈ।
ਕਿਸਾਨਾਂ ਵੱਲੋਂ ਜਾਰੀ ਲੋਕ ਵ੍ਹਿਪ ਅਨੁਸਾਰ ਸੰਸਦ ਵਿਚ ਕਿਸਾਨ ਮੁੱਦੇ ਉਠਾਉਣ ਦੀ ਥਾਂ ਕਾਂਗਰਸੀ ਸੰਸਦ ਮੈਂਬਰਾਂ ਨੇ ਤਾਜਪੋਸ਼ੀ ਸਮਾਰੋਹ ਨੂੰ ਤਰਜੀਹ ਦਿੱਤੀ। ਅੱਜ ਨਰਿੰਦਰ ਪਾਲ ਸਿੰਗਲਾ ਤੇ ਸਰਦਾਰਾ ਸਿੰਘ ਮੌੜ ਨੇ ਕਵਿਤਾਵਾਂ ਸੁਣਾਈਆਂ। ਰਿਲਾਇੰਸ ਮਾਲ ਬਰਨਾਲਾ ਸਾਹਮਣੇ ਸੰਯਕੁਤ ਕਿਸਾਨ ਮੋਰਚੇ ਵੱਲੋਂ ਲਾਇਆ ਧਰਨਾ ਵੀ ਜਾਰੀ ਰਿਹਾ।