ਲਖਵੀਰ ਸਿੰਘ ਚੀਮਾ
ਟੱਲੇਵਾਲ (ਬਰਨਾਲਾ), 14 ਮਾਰਚ
ਬਰਨਾਲਾ ਜ਼ਿਲ੍ਹੇ ਦੇ ਪਿੰਡ ਵਜ਼ੀਦਕੇ ਦੇ ਨਜ਼ਦੀਕ ਲੁਧਿਆਣਾ ਮੁੱਖ ਮਾਰਗ ਉਤੇ ਸਵੇਰ ਸਮੇਂ ਹਾਦਸੇ 3 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਇਹ ਸਾਰੇ ਕਾਰ ਵਿੱਚ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਕੇ ਵਾਪਸ ਕਾਲਿਆਂਵਾਲੀ ਜਾ ਰਹੇ ਸਨ। ਪਿੰਡ ਵਜ਼ੀਦਕੇ ਦੇ ਨਜ਼ਦੀਕ ਟਰੱਕ ਤੇਲ ਪਵਾਉਣ ਲਈ ਪੈਟਰੋਲ ਪੰਪ ਵੱਲ ਮੁੜਿਆ ਅਤੇ ਪਿੱਛੇ ਆ ਰਹੀ ਕਾਰ ਟਰੱਕ ਨਾਲ ਟਕਰਾਈ ਗਈ। ਦੋ ਦੀ ਮੌਕੇ ’ਤੇ ਮੌਤ ਹੋ ਗਈ, ਇੱਕ ਨੇ ਹਸਪਤਾਲ ਲਿਜਾਣ ਸਮੇਂ ਰਸਤੇ ਵਿੱਚ ਪ੍ਰਾਣ ਤਿਆਗ ਦਿੱਤੇ।
ਲੜਕੀ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਪਟਰੋਲ ਪੰਪ ਉੱਤੇ ਕੰਮ ਕਰਨ ਵਾਲੇ ਮੋਨੂੰ ਨੇ ਦੱਸਿਆ ਕਿ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਲੁਧਿਆਣਾ ਵਾਲੇ ਪਾਸੇ ਤੋਂ ਟਰੱਕ ਆ ਰਿਹਾ ਸੀ। ਟਰੱਕ ਜਦੋਂ ਤੇਲ ਪਵਾਉਣ ਲਈ ਪੈਟਰੋਲ ਪੰਪ ਦੀ ਵੱਲ ਮੋੜਿਆ ਤਾਂ ਪਿੱਛੇ ਤੇਜ਼ ਰਫ਼ਤਾਰ ਕਾਰ ਟਰੱਕ ਦੇ ਪਿੱਛੇ ਆ ਕੇ ਟਕਰਾਈ। ਥਾਣਾ ਠੁੱਲੀਵਾਲ ਦੇ ਐੱਸਐੱਚਓ ਗੁਰਤਾਰ ਸਿੰਘ ਨੇ ਦੱਸਿਆ ਕਿ ਟਰੱਕ ਅਤੇ ਕਾਰ ਦੋਵੇਂ ਹੀ ਲੁਧਿਆਣਾ ਵਾਲੇ ਪਾਸੇ ਤੋਂ ਆ ਰਹੇ ਸਨ। ਕਾਰ ਸਵਾਰ ਮਾਤਾ ਚਿੰਤਪੂਰਨੀ ਦੇ ਦਰਬਾਰ ਤੋਂ ਦਰਸ਼ਨ ਕਰ ਵਾਪਸ ਆਪਣੇ ਸ਼ਹਿਰ ਕਾਲਿਆਂਵਾਲੀ ਜਾ ਰਹੇ ਸਨ। ਟਰੱਕ ਚਾਲਕ ਟਰੱਕ ਛੱਡਕੇ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲੀਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਕਮਲਦੀਪ ਜਿੰਦਲ (40), ਰਮੇਸ਼ ਕੁਮਾਰ (50) ਦੋਵੇਂ ਵਾਸੀ ਕਾਲਿਆਂਵਾਲੀ ਅਤੇ ਸੰਜੇ (42) ਵਾਸੀ ਮਲੋਟ ਵਜੋਂ ਹੋਈ ਹੈ, ਜਦੋਂਕਿ ਰਮੇਸ਼ ਦੀ ਲੜਕੀ ਪ੍ਰਿਆ (20) ਗੰਭੀਰ ਜ਼ਖ਼ਮੀ ਹੈ।